ਦਮਦਮੀ ਟਕਸਾਲ ਦੇ ਹੈੱਡ ਕੁਆਟਰ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਮੌਕੇ ਅੰਤਰਰਾਸ਼ਟਰੀ  ਸੈਮੀਨਾਰ 4 ਨੂੰ : ਬਾਬਾ ਹਰਨਾਮ ਸਿੰਘ ਖ਼ਾਲਸਾ

Last Updated: Aug 24 2019 16:44
Reading time: 0 mins, 56 secs

ਦਮਦਮੀ ਟਕਸਾਲ ਵਲੋਂ 24-25 ਅਕਤੂਬਰ 2019 ਨੂੰ ਸੰਤ ਗਿ: ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਯੋਗ ਅਗਵਾਈ 'ਚ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ ( 50 ਸਾਲ ਪੂਰੇ ਹੋਣ 'ਤੇ) ਬਹੁਤ ਵੱਡੀ ਪੱਧਰ 'ਤੇ ਮਨਾਈ ਜਾ ਰਹੀ ਹੈ। ਇਸ ਮੌਕੇ ਦਮਦਮੀ ਟਕਸਾਲ ਦੇ ਇਤਿਹਾਸਕ ਯੋਗਦਾਨ ਤੇ ਪ੍ਰਾਪਤੀਆਂ ਨਾਲ ਸਬੰਧਿਤ ਅੰਤਰਰਾਸ਼ਟਰੀ ਸੈਮੀਨਾਰ ਸ਼੍ਰੀ ਅੰਮ੍ਰਿਤਸਰ ਸਾਹਿਬ, ਦਿੱਲੀ, ਪਟਿਆਲੇ, ਮੁੰਬਈ ਅਤੇ ਮੋਗੇ ਵਿਖੇ ਕਰਵਾਏੇ ਜਾ ਰਹੇ ਹਨ । ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।

ਪਹਿਲਾ ਸੈਮੀਨਾਰ ਖ਼ਾਲਸਾ ਕਾਲਜ ( ਸ਼੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਮਿਤੀ 4 ਸਤੰਬਰ 2019 ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਹੋਣਗੇ। ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੱਥ ਰਹੇਗੀ। ਡਾ: ਮਹਿਲ ਸਿੰਘ ਪ੍ਰਿੰਸੀਪਲ ਖ਼ਾਲਸਾ ਕਾਲਜ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ਡਾ: ਹਰਿਭਜਨ ਸਿੰਘ, ਪ੍ਰੋ: ਸੁਖਦਿਆਲ ਸਿੰਘ, ਡਾ: ਇੰਦਰਜੀਤ ਸਿੰਘ ਗੋਗੋਆਣੀਂ ਅਤੇ ਡਾ: ਜਸਵੰਤ ਸਿੰਘ ਬੁਗਰਾਂ ਵਲੋਂ ਟਕਸਾਲ ਸੰਕਲਪ ਅਤੇ ਦਮਦਮੀ ਟਕਸਾਲ, ਦਮਦਮੀ ਟਕਸਾਲ ਸਥਾਪਨਾ ਅਤੇ ਵਿਕਾਸ ਦਾ ਇਤਿਹਾਸ, ਦਮਦਮੀ ਟਕਸਾਲ ਦਾ ਸਿੱਖ ਸਮਾਜ 'ਤੇ ਪ੍ਰਭਾਵ, ਬਾਬਾ ਦੀਪ ਸਿੰਘ ਜੀ ਸ਼ਹੀਦ : ਜੀਵਨ ਤੇ ਯੋਗਦਾਨ ਵਿਸ਼ਿਆਂ 'ਤੇ ਖੋਜ ਭਰਪੂਰ ਪਰਚੇ ਪੜੇ ਜਾਣਗੇ।