ਬਰਸਾਤ ਦੇ ਮੌਸਮ ਦੌਰਾਨ ਡਾਇਰੀਆ ਤੋਂ ਬਚਣ ਲਈ ਸਾਵਧਾਨੀ ਵਰਤੀ ਜਾਵੇ- ਡਾ. ਭੱਲਾ

Last Updated: Jul 22 2019 13:09
Reading time: 1 min, 46 secs

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪ੍ਰੋਗਰਾਮ ਅਧੀਨ ਡਾਇਰੀਏ ਦੇ ਖ਼ਿਲਾਫ਼ ਪ੍ਰੋਗਰਾਮ ਨੂੰ ਜੰਗੀ ਪੱਧਰ 'ਤੇ ਚਲਾਇਆ ਜਾ ਰਿਹਾ ਹੈ। 

ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਕੁਮਾਰ ਭੱਲਾ ਨੇ ਡਾਇਰੀਆ ਦੀ ਬਿਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਡਾਇਰੀਆ ਦੀ ਸ਼ਿਕਾਇਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਡਾਇਰੀਆ ਦੇ ਕਾਰਨ ਦਸਤ ਨਾਲ ਸਰੀਰ ਅੰਦਰ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੇ ਵਿਕਾਰ ਪੈ ਜਾਂਦੇ ਹਨ, ਜਿਵੇਂ ਕਿ ਗੁਰਦਿਆਂ 'ਤੇ ਅਸਰ ਅਤੇ ਦਿਮਾਗ ਉੱਤੇ ਅਸਰ ਪੈ ਸਕਦਾ ਹੈ। ਇਸ ਕਰਕੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਓ.ਆਰ.ਐਸ. ਅਤੇ ਜ਼ਿੰਕ ਦੀ ਗੋਲੀ ਨਾਲ ਬਚਾਇਆ ਜਾ ਸਕਦਾ ਹੈ। ਉਨ੍ਹਾਂ ਸਭ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣਾ ਹੱਥ ਧੋ ਕੇ ਖਾਣ, ਗਲੀਆਂ ਹੋਈਆਂ ਫਲ ਜਾਂ ਸਬਜ਼ੀਆਂ ਆਦਿ ਨਾ ਤਾਂ ਖ਼ਰੀਦਣ ਅਤੇ ਨਾ ਹੀ ਖਾਣ। ਡਾਇਰੀਏ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਜਾਂ ਮਾਤਾ ਸੁਲੱਖਣੀ ਜੀ, ਸਿਵਲ ਹਸਪਤਾਲ ਬਟਾਲਾ ਵਿਖੇ ਆਪਣਾ ਇਲਾਜ ਕਰਵਾਉਣ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤਣ। 

ਇਸ ਸਬੰਧ ਵਿੱਚ ਡਾ. ਰਵਿੰਦਰ ਸਿੰਘ (ਬੱਚਿਆਂ ਦੇ ਮਾਹਿਰ) ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਬਟਾਲਾ ਨੇ ਦੱਸਿਆ ਕਿ ਜੇ ਕਿਸੇ ਬੱਚੇ ਨੂੰ ਉਲਟੀਆਂ-ਟੱਟੀਆਂ ਲੱਗਦੀਆਂ ਹਨ ਤਾਂ ਉਸ ਨੂੰ ਤੁਰੰਤ ਓ.ਆਰ.ਐਸ. ਦਾ ਘੋਲ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਟੱਟੀਆਂ-ਉਲਟੀਆਂ ਜਾਂ ਦਸਤਾਂ ਨਾਲ ਬੱਚੇ ਦਾ ਮੂੰਹ ਸੁੱਕਦਾ ਹੈ, ਚਮੜੀ ਢਿੱਲੀ ਪੈ ਜਾਂਦੀ ਹੈ, ਅੱਖਾਂ ਅੰਦਰ ਨੂੰ ਧੱਸ ਜਾਂਦੀਆਂ ਹਨ, ਪਿਸ਼ਾਬ ਦੀ ਮਾਤਰਾ ਵਿੱਚ ਕਮੀ ਆ ਜਾਂਦੀ ਹੈ। ਜੇਕਰ ਅਜਿਹੇ ਲੱਛਣ ਸਾਹਮਣੇ ਆਉਣ ਜਾਂ ਬੱਚਾ ਨਿਢਾਲ ਹੋ ਜਾਵੇ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਜਾਂ ਨੇੜੇ ਦੇ ਸਿਹਤ ਕੇਂਦਰ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਉਸਦਾ ਤੁਰੰਤ ਇਲਾਜ ਹੋ ਸਕੇ। 

ਡਾ. ਲਲਿਤ ਮੋਹਨ ਮੈਡੀਕਲ ਸਪੈਸ਼ਲਿਸਟ, ਸਿਵਲ ਹਸਪਤਾਲ ਬਟਾਲਾ ਨੇ ਦੱਸਿਆ ਕਿ ਜੇਕਰ ਵੱਡਿਆਂ ਵਿੱਚ ਵੀ ਅਜਿਹੇ ਲੱਛਣ ਹੋਣ ਤਾਂ ਉਨ੍ਹਾਂ ਨੂੰ ਓ.ਆਰ.ਐਸ/ਨਮਕ ਦਾ ਘੋਲ ਪਿਲਾਉਣ ਚਾਹੀਦਾ ਹੈ, ਹੱਥਾਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ, ਸਾਫ਼ ਪਾਣੀ ਜਾਂ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ, ਜੇ ਲੋੜ ਪਵੇ ਤਾਂ 20 ਲੀਟਰ ਪਾਣੀ ਵਿੱਚ ਕਲੋਰੀਨ ਦੀ ਗੋਲੀ ਪਾ ਕੇ ਉਸ ਨੂੰ ਇੱਕ ਘੰਟਾ ਰੱਖ ਕੇ ਪਾਣੀ ਵਰਤੋਂ ਵਿੱਚ ਲੈ ਕੇ ਆਉਣਾ ਚਾਹੀਦਾ ਹੈ।