ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਵਿੱਢੀ ਗਈ : ਵਿਧਾਇਕ ਪਾਹੜਾ

Last Updated: Jul 22 2019 12:24
Reading time: 2 mins, 11 secs

ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਬਥਵਾਲਾ ਵੱਲੋਂ ਸਕੂਲ ਦੀ ਅਧਿਆਪਕਾ ਸ਼੍ਰੀਮਤੀ ਸੁਖਬੀਰ ਕੌਰ ਦੇ ਯਤਨਾਂ ਸਦਕਾ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਤੇ ਸ਼੍ਰੀ ਵਿਪੁਲ ਉੱਜਵਲ ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਸਕੂਲ ਵੱਲੋਂ ਇਹ ਖ਼ੂਨ ਯੂਨਿਟ ਇਕੱਤਰ ਕਰਨ ਲਈ ਟੀਮ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਜ਼ਿੰਮੇਵਾਰੀ ਦਿੱਤੀ ਗਈ। ਟੀਮ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੇ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਬਲੱਡ ਬੈਂਕ ਦੀ ਟੀਮ ਨਾਲ ਮਿਲ ਕੇ ਇਹ ਖ਼ੂਨ ਇਕੱਤਰ ਕੀਤਾ। ਖ਼ੂਨਦਾਨ ਕੈਂਪ ਵਿੱਚ 25 ਯੂਨਿਟ ਖ਼ੂਨ ਇਕੱਤਰ ਹੋਇਆ।

ਇਸ ਮੌਕੇ ਵਿਧਾਇਕ ਪਾਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕੀਤਾ ਜਾਵੇਗਾ ਤੇ ਨਸ਼ਾ ਰੂਪੀ ਕੋਹੜ ਨੂੰ ਜੜ ਤੋਂ ਪੁੱਟਣ ਦਾ ਸਰਕਾਰ ਨੇ ਤਹੱਈਆ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ ਤੇ ਸੂਬੇ ਅੰਦਰੋਂ ਨਸ਼ੇ ਨੂੰ ਖ਼ਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉੱਜਵਲ ਨੇ ਨਸ਼ਿਆਂ ਵਿਰੁੱਧ ਲਗਾਏ ਇਸ ਖ਼ੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਤੇ ਵਾਰਡ ਪੱਧਰ ਤੱਕ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਮੁਹਿੰਮ ਵਿੱਢੀ ਗਈ ਹੈ ਤੇ ਸਮੂਹ ਵਿਭਾਗਾਂ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰੀ ਸਕੂਲਾਂ ਵਲੋਂ ਨਸ਼ਿਆਂ ਵਿਰੁੱਧ ਕੀਤੀ ਪਹਿਲਕਦਮੀ ਨੂੰ ਸਰਾਹਿਆ ਤੇ ਕਿਹਾ ਕਿ ਇਨ੍ਹਾਂ ਸਕੂਲਾਂ ਅੰਦਰ ਅਧਿਆਪਕ ਉੱਚ ਯੋਗਤਾ ਪ੍ਰਾਪਤ ਹਨ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਿ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰੀ ਸਕੂਲਾਂ ਅੰਦਰ ਐਨ.ਆਰ.ਆਈ ਭਰਾਵਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੇ ਵਿਕਾਸ ਵਿੱਚ ਇਨ੍ਹਾਂ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਨੇ ਸਮਾਜ ਸੇਵਾ ਦਲ ਦੇ ਐਨ.ਆਰ.ਆਈ ਸੈੱਲ ਦੇ ਪ੍ਰਧਾਨ ਤੇ ਕਮਿਸ਼ਨਰ ਯੂ.ਐਸ.ਏ ਸਰਦਾਰ ਹਰਦਿਆਲ ਸਿੰਘ ਜੌਹਲ ਜਿਲਾ ਪ੍ਰਧਾਨ ਜੋਗਿੰਦਰ ਪਾਲ ਲਾਡੀ ਸੁੱਖ ਬਥਵਾਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸਕੂਲ ਸਮਾਰਟ ਸਕੂਲ ਬਣ ਸਕਿਆ ਹੈ।

ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਟੀਮ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਅਧਿਆਪਕਾ ਸ਼੍ਰੀਮਤੀ ਸੁਖਬੀਰ ਕੌਰ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਤਾਰੀਫ਼ ਕੀਤੀ ਗਈ। ਇਸ ਮੌਕੇ ਕੈਂਪ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮੈਂਬਰਾਂ, ਆਦਰਸ਼ ਕੁਮਾਰ ਜੀ ਪ੍ਰਵੀਨ ਅੱਤਰੀ ਜੀ ਮਨੂੰ ਸ਼ਰਮਾ ਜੀ ਮੁਕੇਸ਼ ਸ਼ਰਮਾ ਜੀ ਕਨੂੰ ਸੰਧੂ ਜੀ ਪੁਸ਼ਪਿੰਦਰ ਸਿੰਘ ਰਾਜੇਸ਼ ਬੱਬੀ ਜਸਪਿੰਦਰ ਸਿੰਘ ਸੰਦੀਪ ਕੁਮਾਰ ਸੁਖਦੇਵ ਰਾਜ ਅਤੇ ਹਰਭਜਨ ਸਿੰਘ ਪਾਹੜਾ ਬੀਪੀਈਓ ਗੁਰਦਾਸਪੁਰ-2 ਨੂੰ ਕੈਂਪ ਦੌਰਾਨ ਵੱਖ ਵੱਖ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।