ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਕੈਂਪ

Last Updated: Jul 21 2019 13:39
Reading time: 1 min, 54 secs

ਜ਼ਿਲ੍ਹੇ ਦੀ ਪੰਜ ਸਬ ਡਵੀਜ਼ਨਾਂ ਗੁਰਦਾਸਪੁਰ, ਦੀਨਾਨਗਰ, ਕਲਾਨੋਰ, ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ ਤੇ ਕਰੀਬ 2080 ਲਾਭਪਾਤਰੀਆਂ ਨੂੰ ਮੌਕੇ ਤੇ ਲਾਭ ਪੁਜਦਾ ਕੀਤਾ ਗਿਆ। ਜ਼ਿਲ੍ਹੇ ਅੰਦਰ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਲਗਾਏ ਗਏ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆਂ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪਾਂ ਦੌਰਾਨ ਕੁੱਲ ਕਰੀਬ 4 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜਿਸ ਵਿੱਚੋਂ ਕਰੀਬ 2080 ਲਾਭਪਾਤਰੀਆਂ ਨੂੰ ਮੌਕੇ ਤੇ ਲਾਭ ਦਿੱਤਾ ਗਿਆ ਅਤੇ ਬਾਕੀ ਅਰਜੀਆਂ ਦੀ ਸਕਰੀਨਿੰਗ ਕਰਕੇ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਵੇਗਾ। ਮੌਕੇ ਤੇ ਪੈਨਸ਼ਨ, ਅੰਗਹੀਣ ਵਿਅਕਤੀਆਂ ਨੂੰ ਸਰਟੀਫਿਕੇਟ ਬਣਾ ਕੇ ਦਿੱਤੇ ਗਏ। ਨਰੇਗਾ ਕਾਰਡ ਬਣਾ ਕੇ ਦਿੱਤੇ ਗਏ। ਪਾਣੀ ਦੇ ਕੁਨੈਕਸ਼ਨ ਜਾਰੀ ਕੀਤੇ ਗਏ ਅਤੇ ਇਸੇ ਤਰ੍ਹਾਂ ਹੋਰ ਵਿਭਾਗਾਂ ਵੱਲੋਂ ਵੀ ਮੌਕੇ ਤੇ ਲਾਭ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੀ ਬਾਂਹ ਫੜ੍ਹੀ ਗਈ ਹੈ ਅਤੇ ਉਨ੍ਹਾਂ ਦੇ ਘਰਾਂ ਤਕ ਪਹੁੰਚ ਕਰਕੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦ ਲੋਕਾਂ ਨੂੰ ਰਾਹਤ ਦਿੱਤੀ ਹੈ ਅਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਦਫਤਰਾਂ ਵਿੱਚ ਜਾਣ ਦੀ ਲੋੜ ਨਾ ਪਵੇ, ਸਗੋਂ ਸਰਕਾਰ ਖੁਦ ਲੋਕਾਂ ਤਕ ਪਹੁੰਚ ਕਰਕੇ ਸਹੂਲਤਾਂ ਪ੍ਰਦਾਨ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਕੈਂਪ ਵਿੱਚ ਸਿਹਤ, ਜ਼ਿਲ੍ਹਾ ਸਮਾਜਿਕ ਸੁਰੱਖਿਆ, ਬਾਲ ਵਿਕਾਸ ਤੇ ਭਲਾਈ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਪਾਵਰਕਾਮ, ਸੈਲਫ ਹੈਲਪ ਗਰੁੱਪ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਭਲਾਈ ਵਿਭਾਗ, ਮਨਰੇਗਾ ਸਮੇਤ ਸਮੂਹ ਵਿਭਾਗਾਂ ਵੱਲੋਂ ਆਪਣੇ ਵਿਭਾਗ ਨਾਲ ਸਬੰਧਿਤ ਚੱਲ ਰਹੀਆਂ ਸਕੀਮਾਂ ਦੇ ਸਟਾਲ ਲਗਾਏ ਤੇ ਲੋਕਾਂ ਨੂੰ ਮੌਕੇ ਤੇ ਲਾਭ ਪੁਜਦਾ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਅੱਜ 'ਮਹਾਤਮਾ ਗਾਂਧੀ ਸਰਬੱਤ ਵਿਕਾਸ' ਯੋਜਨਾ ਤਹਿਤ ਸਬ ਡਵੀਜ਼ਨ ਗੁਰਦਾਸਪੁਰ ਦਾ ਕੈਂਪ ਮਿਲਨ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ, ਦੀਨਾਨਗਰ ਦਾ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ, ਕਲਾਨੋਰ ਦਾ ਬੀ.ਡੀ.ਪੀ.ਓ ਦਫਤਰ ਵਿਖੇ, ਡੇਰਾ ਬਾਬਾ ਨਾਨਕ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਤੇ ਬਟਾਲਾ ਸਬ ਡਵੀਜ਼ਨ ਦਾ ਕੈਂਪ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਲਗਾਇਆ ਗਿਆ ਤੇ ਲੋੜਵੰਦ ਨੂੰ ਮੌਕੇ ਤੇ ਸਹੂਲਤਾਂ ਪੁਜਦਾ ਕੀਤੀਆਂ ਗਈਆਂ।

ਇਸ ਮੌਕੇ ਸਰਵ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰਮਨ ਕੋਛੜ ਐਸ.ਡੀ.ਐਮ ਦੀਨਾਨਗਰ, ਡਾ. ਦੀਪਕ ਭਾਟੀਆ ਐਸ.ਡੀ.ਐਮ ਗੁਰਦਾਸਪੁਰ, ਬਲਬੀਰਰਾਜ ਸਿੰਘ ਐਸ.ਡੀ.ਐਮ ਬਟਾਲਾ, ਲਖਵਿੰਦਰ ਸਿੰਘ ਡੀ.ਡੀ.ਪੀ.ਓ, ਹਰਚਰਨ ਸਿੰਘ ਕੰਗ ਜ਼ਿਲ੍ਹਾ ਭੂਮੀ ਰੱਖਿਆ ਅਫਸਰ, ਡਾ. ਕਿਸ਼ਨ ਚੰਦ ਸਿਵਲ ਸਰਜਨ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ (ਈ ਪੰਚਾਇਤ), ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਐਕਸੀਅਨ ਨਿਤਿਨ ਕਾਲੀਆ, ਕੰਵਰਜੀਤ ਰੱਤੜਾ ਐਸ.ਡੀ.ਓ ਵਾਟਰ ਸਪਲਾਈ ਸਮੇਤ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।