ਹਰ ਰੋਜ਼ ਸ਼ਹਿਰ ਅੰਦਰ ਕੀਤੀ ਜਾਵੇਗੀ ਸਾਫ਼ ਸਫ਼ਾਈ- ਅਮਿਤ ਵਿੱਜ

Last Updated: Jul 21 2019 13:30
Reading time: 1 min, 42 secs

ਸ਼ਹਿਰ ਅੰਦਰ ਸਾਫ਼ ਸਫ਼ਾਈ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਗੰਦਗੀ ਨੂੰ ਹਰ ਰੋਜ਼ ਚੰਗੀ ਤਰ੍ਹਾਂ ਸਾਫ਼ ਕਰਕੇ ਨਿਰਧਾਰਿਤ ਸਥਾਨ ਤੇ ਸ਼ਹਿਰ ਤੋਂ ਬਾਹਰ ਸੁੱਟਿਆ ਜਾਵੇ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਆਪਣੇ ਦਫ਼ਤਰ ਵਿਖੇ ਨਗਰ ਨਿਗਮ ਪਠਾਨਕੋਟ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਨ ਦੌਰਾਨ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸਤੀਸ਼ ਸੈਣੀ ਐਮ.ਈ. ਨਗਰ ਨਿਗਮ, ਡਾ. ਐਨ.ਕੇ. ਸਿੰਘ ਹੈਲਥ ਅਫਸਰ, ਚੀਫ਼ ਸੈਨਟਰੀ ਇੰਸਪੈਕਟਰ ਜਾਨੂੰ ਚਲੋਤਰਾ, ਵਿਕਰਮਜੀਤ , ਦੀਪਕ ਕੁਮਾਰ, ਅਜੈ ਬੈਂਸ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 

ਮੀਟਿੰਗ ਦੌਰਾਨ ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਸਾਫ਼ ਸੁਥਰਾ ਰੱਖਿਆ ਜਾਵੇ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਹਰ ਰੋਜ਼ ਕੀਤੀ ਜਾਵੇ ਅਤੇ ਜਿਸ ਸਥਾਨ ਤੇ ਵੀ ਕੂੜਾ ਕਰਕਟ ਲਗਾਇਆ ਜਾਂਦਾ ਹੈ ਉਸ ਸਥਾਨ ਤੋਂ ਹਰ ਰੋਜ਼ ਕੂੜਾ ਕਰਕਟ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਅੰਦਰ ਗਲੀਆਂ ਮੁਹੱਲਿਆਂ ਦੀਆਂ ਨਾਲੀਆਂ ਅਤੇ ਵੱਡੇ ਨਾਲਿਆਂ ਨੂੰ ਪੂਰੀ ਤਰ੍ਹਾਂ ਸਾਫ਼ ਰੱਖਿਆ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਅੰਦਰ ਕੋਈ ਨਾਲਾ ਬਲਾਕ ਨਾ ਹੋ ਸਕੇ। 

ਉਨ੍ਹਾਂ ਕਿਹਾ ਕਿ ਸਵਿਮਿੰਗ ਪੁਲ ਨਜ਼ਦੀਕ ਨਿਕਲਣ ਵਾਲਾ ਨਾਲਾ ਜੋ ਕਿ ਬਹੁਤ ਛੋਟਾ ਹੈ ਅਤੇ ਬਾਰਿਸ਼ ਦਾ ਪਾਣੀ ਇਸ ਨਾਲੇ ਤੋਂ ਓਵਰ ਫਲੋ ਹੋ ਕੇ ਹਸਪਤਾਲ ਦੀ ਤਰਫ਼ ਆ ਜਾਂਦਾ ਹੈ ਜਿਸ ਨਾਲ ਹਰ ਵਾਰ ਹਸਪਤਾਲ ਅੰਦਰ ਵੀ ਪਾਣੀ ਜਮਾਂ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਮੀਨੀ ਤੋਂ ਉੱਪਰ ਜਿੱਥੋਂ ਬਰਸਾਤ ਦੇ ਪਾਣੀ ਨੂੰ ਨਿਕਾਸੀ ਦੇ ਕੇ ਖੱਡੀ ਵਿੱਚ ਛੁੱਟਿਆ ਜਾ ਸਕਦਾ ਹੈ, ਇਸ ਦੀ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਅਨੁਮਾਨਿਤ ਰਾਸ਼ੀ ਦੱਸੀ ਜਾਵੇ ਤਾਂ ਜੋ ਹਸਪਤਾਲ ਸਾਈਡ ਤੇ ਜਮਾਂ ਹੋਣ ਵਾਲੇ ਪਾਣੀ ਨੂੰ ਸ਼ਹਿਰ ਤੋਂ ਬਾਹਰ ਹੀ ਖੱਡੀ ਵਿੱਚ ਛੱਡਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਧਿਕਾਰੀ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਬਿਜਲੀ ਵਿਭਾਗ ਨਾਲ ਮਿਲਕੇ ਸ਼ਹਿਰ ਅੰਦਰ ਨੰਗੇ ਪਏ ਬਿਜਲੀ ਦੇ ਜੋੜ ਆਦਿ ਨੂੰ ਠੀਕ ਕਰਨਗੇ ਅਤੇ ਜਿਸ ਸਥਾਨ ਤੇ ਦਰੱਖਤ ਬਿਜਲੀ ਦੀਆਂ ਤਾਰਾਂ ਨਾਲ ਲਗਦੇ ਹਨ ਉਨ੍ਹਾਂ ਦਰੱਖਤਾਂ ਨੂੰ ਜੋ ਨਗਰ ਨਿਗਮ ਦੇ ਅਧੀਨ ਆਉਣਗੇ ਨਗਰ ਨਿਗਮ ਅਤੇ ਜੋ ਨਗਰ ਸੁਧਾਰ ਟਰੱਸਟ ਅਧੀਨ ਆਉਣਗੇ ਉਨ੍ਹਾਂ ਦਰੱਖਤਾਂ ਦੀ ਛਾਟ ਕਾਟ ਟਰੱਸਟ ਕਰੇਗੀ।