ਖੇਡ ਵਿਭਾਗ ਵੱਲੋਂ ਲਗਾਇਆ ਗਿਆ 'ਸਮਰ ਕੋਚਿੰਗ ਕੈਂਪ', ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ ਲੈ ਰਹੇ ਨੇ ਹਿੱਸਾ

Last Updated: Jun 20 2019 14:45
Reading time: 2 mins, 1 sec

ਜ਼ਿਲ੍ਹੇ ਅੰਦਰ ਵਿੱਦਿਅਕ ਤੇ ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਪੈਸ਼ਲ 'ਸਮਰ ਕੈਂਪ' ਲਗਾ ਕੇ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ ਤੇ ਇਸ ਮੌਕੇ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਤਹਿਤ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਵੀ ਜਾਗਰੂਕ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਨੋਹਰ ਸਿੰਘ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਦੀ ਸੁਯੋਗ ਅਗਵਾਈ ਹੇਠ ਖੇਡ ਵਿਭਾਗ ਵੱਲੋਂ 16 ਜੂਨ ਤੋਂ 30 ਜੂਨ ਤੱਕ 'ਸਮਰ ਕੋਚਿੰਗ ਕੈਂਪ' ਲਗਾਏ ਜਾ ਰਹੇ ਹਨ। ਜਿਸ ਵਿੱਚ ਐਥਲੈਟਿਕਸ, ਹਾਕੀ, ਕੁਸ਼ਤੀ, ਜੂਡੋ, ਵੇਟ ਲਿਫਟਿੰਗ, ਬੈਡਮਿੰਟਨ ਤੇ ਫੁੱਟਬਾਲ ਦੇ 185 ਲੜਕੇ ਤੇ 15 ਲੜਕੀਆਂ (ਖਿਡਾਰੀ) ਹਿੱਸਾ ਲੈ ਰਹੇ ਹਨ। 

ਉਨ੍ਹਾਂ ਦੱਸਿਆ ਕਿ ਐਥਲੈਟਿਕਸ ਦੇ ਸਮਰ ਕੋਚਿੰਗ ਕੈਂਪ ਸਰਕਾਰੀ ਕਾਲਜ ਗੁਰਦਾਸਪੁਰ ਤੇ ਖੁਜਾਲਾ ਗੁਰਦਾਸਪੁਰ ਵਿੱਚ, ਹਾਕੀ ਦੇ ਘੁੰਮਣ ਕਲਾਂ ਗੁਰਦਾਸਪੁਰ, ਕੁਸ਼ਤੀ ਦੇ ਜਿਮਨੇਜੀਅਮ ਹਾਲ ਤੇ ਐਸਐਸਐਮ ਕਾਲਜ ਦੀਨਾਨਗਰ, ਜੂਡੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ, ਵੇਟ ਲਿਫਟਿੰਗ ਦੇ ਸਿੱਖ ਨੈਸ਼ਨਲ ਕਾਲਜ ਕਾਦੀਆਂ, ਬੈਡਮਿੰਟਨ ਦੇ ਬੈਡਮਿੰਟਨ ਹਾਲ ਗੁਰਦਾਸਪੁਰ, ਫੁੱਟਬਾਲ ਦੇ ਸਰਕਾਰੀ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਤੇ ਸਰਕਾਰੀ ਸੀਮੀਅਰ ਸੈਕੰਡਰੀ ਸਕੂਲ ਕਾਲਾ ਅਫਗਾਨਾ ਵਿਖੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਸਮਰ ਕੋਚਿੰਗ ਕੈਂਪ ਸਵੇਰੇ 5.30 ਵਜੇ ਤੋਂ 8 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਲਗਾਏ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ 'ਸਮਰ ਕੈਂਪ' ਦੌਰਾਨ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਨਸ਼ੇ ਸਾਡੇ ਸਮਾਜ ਲਈ ਬਹੁਤ ਘਾਤਕ ਹਨ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਅਗਰ ਉਨ੍ਹਾਂ ਦੇ ਆਸਪਾਸ ਕੋਈ ਵਿਅਕਤੀ ਕਿਸੇ ਕਾਰਨ ਨਸ਼ਿਆਂ ਦੇ ਜਾਲ ਵਿੱਚ ਫਸ ਗਿਆ ਹੈ ਤਾਂ ਉਸ ਦੇ ਇਲਾਜ ਲਈ ਨਸ਼ਾ ਛੁਡਾਈ ਕੇਂਦਰ ਵਿੱਚ ਜਾ ਕੇ ਇਲਾਜ ਕਰਵਾਉਣ ਲਈ ਕਹਿਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਪੀੜਤਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਦੌਰਾਨ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਜੋ ਨਵੰਬਰ 2019 ਵਿੱਚ ਮਨਾਇਆ ਜਾਣਾ ਹੈ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ ਸਬੰਧੀ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਆਪਸੀ ਪਿਆਰ, ਸ਼ਾਂਤੀ ਤੇ ਸਹਿਯੋਗ ਨਾਲ ਰਹਿਣ ਦੀ ਸਿੱਖਿਆ ਦਿੱਤੀ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ।