ਸਰਹੱਦੀ ਇਲਾਕੇ ਦਾ ਕਿਸਾਨ ਹਰਦੀਪ ਸਿੰਘ ਖੇਤੀਬਾੜੀ ਦੀਆਂ ਅਤਿ ਆਧੁਨਿਕ ਤਕਨੀਕਾਂ ਨਾਲ ਕਰ ਰਿਹਾ ਹੈ ਖੇਤੀ

Last Updated: Jun 20 2019 13:14
Reading time: 2 mins, 13 secs

ਸਰਹੱਦੀ ਪਿੰਡ ਤਲਵੰਡੀ ਗੋਰਾਇਆ ਦੇ ਕਿਸਾਨ ਹਰਦੀਪ ਸਿੰਘ 60 ਏਕੜ ਵਿੱਚ ਪਰਾਲੀ ਸਾੜੇ ਬਗੈਰ ਸਫਲ ਖੇਤੀ ਕਰ ਰਿਹਾ ਹੈ। ਕਿਸਾਨ ਦਾ ਕਹਿਣਾ ਹੈ ਕਿ ਉਹ ਹੈਪੀਸੀਡਰ ਨਾਲ ਪਰਾਲੀ ਨੂੰ ਜ਼ਮੀਨ ਵਿੱਚ ਵਹਾ ਕੇ ਪਿਛਲੇ 07 ਸਾਲ ਤੋਂ ਲਗਾਤਾਰ ਖੇਤੀ ਕਰ ਰਿਹਾ ਹੈ। ਜਿਸ ਨਾਲ ਫ਼ਸਲ ਦੀ ਪੈਦਾਵਾਰ ਵਿੱਚ ਕੋਈ ਕਮੀ ਨਹੀਂ ਆਈ ਸਗੋਂ ਫ਼ਸਲ ਦਾ ਝਾੜ ਵਧਿਆ ਹੈ। ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਉਸ ਨੇ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਨੂੰ ਤਰਜੀਹ ਦਿੱਤੀ ਅਤੇ ਪਰਾਲੀ ਨੂੰ ਜ਼ਮੀਨ ਵਿੱਚ ਵਹਾ ਕੇ ਉਸ ਨੇ ਫ਼ਸਲ ਬੀਜਣੀ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਹੈਪੀਸੀਡਰ ਨਾਲ ਫ਼ਸਲ ਬੀਜਣ ਵਿੱਚ ਜ਼ਿਆਦਾ ਖ਼ਰਚ ਨਹੀਂ ਆਉਂਦਾ ਹੈ ਪਰ ਇਸ ਨਾਲ ਜਿੱਥੇ ਪਾਣੀ ਤੇ ਖਾਦਾਂ ਦੀ ਬੱਚਤ ਹੁੰਦੀ ਹੈ ਉਸ ਦੇ ਨਾਲ ਫ਼ਸਲ ਦਾ ਝਾੜ ਵੀ ਵਧਦਾ ਹੈ। 

ਕਿਸਾਨ ਨੇ ਅੱਗੇ ਦੱਸਿਆ ਕਿ ਪਹਿਲਾਂ ਉਸ ਨੇ ਕੁਝ ਏਕੜ ਵਿੱਚ ਪਰਾਲੀ ਨਾ ਸਾੜ ਕੇ ਫ਼ਸਲ ਬੀਜੀ ਤੇ ਉਸ ਦੇ ਚੰਗੇ ਨਤੀਜੇ ਮਿਲਣ ਤੇ ਉਸ ਨੇ ਸਾਰੀ ਪੈਲੀ ਵਿੱਚ ਪਰਾਲੀ ਨਾ ਸਾੜਨ ਦਾ ਮਨ ਬਣਾਇਆ। ਕਣਕ ਤੇ ਝੋਨੇ ਦੀ ਪਰਾਲੀ ਨੂੰ ਉਹ ਖੇਤਾਂ ਵਿੱਚ ਗਾਲ ਕੇ ਤੇ ਹੈਪੀਸੀਡਰ ਨਾਲ ਫ਼ਸਲ ਬੀਜਦਾ ਹੈ। ਪਰਾਲੀ ਨੂੰ ਖੇਤਾਂ ਵਿੱਚ ਖਿਲਾਰ ਕੇ ਤਵੇ ਫੇਰਦਾ ਹੈ, ਉਪਰੰਤ ਦੋਹੜ ਪਾਕੇ ਤੇ ਸੁਹਾਗਾ ਮਾਰ ਕੇ ਕਰੀਬ 4-5 ਦਿਨ ਲਈ ਰਹਿਣ ਦਿੰਦਾ ਹੈ ਤੇ ਬਾਅਦ ਵਿੱਚ ਖੇਤਾਂ ਵਿੱਚ ਪਾਣੀ ਭਰ ਕੇ ਫ਼ਸਲ ਬੀਜਦਾ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਨਾ ਹੀ ਕੋਈ ਸਪਰੇਅ ਤੇ ਕੀਟਨਾਸ਼ਕ ਦਵਾਈ ਦੀ ਵਰਤੋਂ ਕਰਦਾ ਹੈ।

ਹੈਪੀਸੀਡਰ, ਰੋਟਾਵੇਟਰ ਤੇ ਮਲਚਰ ਨਾਲ ਪਰਾਲੀ ਨੂੰ ਜ਼ਮੀਨ ਵਿੱਚ ਵਹਾਇਆ ਜਾ ਸਕਦਾ ਹੈ ਤੇ ਖੇਤੀਬਾੜੀ ਵਿਭਾਗ ਵੱਲੋਂ ਅਗਰ ਇਹ ਸੰਦ ਲੈਣੇ ਹੋਣ ਤਾਂ ਗਰੁੱਪ ਵਿੱਚ ਲੈਣ ਤੇ 80 ਪ੍ਰਤੀਸ਼ਤ ਸਬਸਿਡੀ ਮਿਲਦੀ ਤੇ ਵਿਅਕਤੀਗਤ ਤੋਰ ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਮਸ਼ੀਨਰੀ ਬੈਂਕ ਵੀ ਖੋਲੇ ਗਏ ਹਨ, ਜਿੱਥੇ ਕਿਸਾਨ ਕਿਰਾਏ ਤੇ ਇਹ ਸੰਦ ਪ੍ਰਾਪਤ ਕਰ ਸਕਦਾ ਹੈ।

ਕਿਸਾਨ ਹਰਦੀਪ ਸਿੰਘ ਨੇ ਅੱਗੇ ਦੱਸਿਆ ਕਿ ਮੌਜੂਦਾ ਹਾਲਤਾਂ ਨੂੰ ਵੇਖਦਿਆਂ ਤੇ ਪਾਣੀ ਤੇ ਵਾਤਾਵਰਣ ਨੂੰ ਬਚਾਉਣ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤੀ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਬਿਨਾਂ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਨਾਲ ਕੋਈ ਵਾਧੂ ਖਰਚਾ ਨਹੀਂ ਆਉਂਦਾ ਹੈ। ਕਿਸਾਨ ਘਬਰਾਉਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਖਰਚਾ ਵੀ ਵਧੇਗਾ ਤੇ ਸ਼ਾਇਦ ਝਾੜ ਵੀ ਘੱਟ ਨਿਕਲੇ। ਪਰ ਹੁੰਦਾ ਇਸ ਦੇ ਬਿਲਕੁਲ ਉਲਟ ਹੈ। ਪਾਣੀ ਘੱਟ ਲੱਗਦਾ ਹੈ, ਖਾਦ ਦੀ ਵਰਤੋਂ ਘਟਦੀ ਹੈ ਤੇ ਝਾੜ ਵਧਦਾ ਹੈ।
 
ਉਸ ਨੇ ਕਿਸਾਨ ਸਾਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਉਨ੍ਹਾਂ ਨੂੰ ਆਧੁਨਿਕ ਤਰੀਕੇ ਨਾਲ ਖੇਤੀ ਮਾਹਿਰਾਂ ਦੀ ਸਲਾਹ ਨਾਲ ਖੇਤੀ ਕਰਨੀ ਚਾਹੀਦੀ ਹੈ ਤੇ ਦਿਨੋਂ ਦਿਨ ਹੋ ਰਹੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਨਾੜ ਨੂੰ ਅੱਗ ਨਾ ਲਗਾਉਣ ਤੇ ਜਿੱਥੇ ਮਿੱਤਰ ਕੀੜੇ ਫ਼ਸਲ ਲਈ ਸਹਾਈ ਹੁੰਦੇ ਹਨ ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।