ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਅੱਜ ਲੱਗੇਗਾ ਵਿਸ਼ੇਸ਼ ਕੈਂਪ- ਡਿਪਟੀ ਕਮਿਸ਼ਨਰ

Last Updated: Jun 20 2019 12:14
Reading time: 0 mins, 56 secs

ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਸਕੀਮਾਂ ਦਾ ਲਾਭ ਇੱਕ ਹੀ ਛੱਤ ਥੱਲੇ ਦੇਣ ਦੇ ਮਕਸਦ ਨਾਲ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵਿਸ਼ੇਸ਼ ਕੈਂਪ ਅੱਜ ਮਿਤੀ 20 ਜੂਨ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। 

ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਕੈਂਪ ਦੀ ਸਫਲਤਾ ਲਈ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਇਸ ਕੈਂਪ ਵਿਚ ਸ਼ਾਮਲ ਕਰਨ। ਉਨ੍ਹਾਂ ਕੈਂਪ ਦਾ ਹਿੱਸਾ ਬਣਨ ਵਾਲੇ ਮੁੱਖ ਵਿਭਾਗਾਂ ਸਮਾਜਿਕ ਸੁਰੱਖਿਆ ਵਿਭਾਗ, ਪੰਚਾਇਤੀ ਵਿਭਾਗ, ਮਹਿਲਾ ਤੇ ਬਾਲ ਵਿਕਾਸ, ਸਿਹਤ, ਫੂਡ ਸਪਲਾਈ, ਰੁਜ਼ਗਾਰ, ਪਾਵਰ ਕਾਰਪੋਰੇਸ਼ਨ, ਲੀਡ ਬੈਂਕ ਆਦਿ ਸਮੇਤ ਹੋਰ ਕਈ ਵਿਭਾਗਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਵਿਭਾਗ ਨਾਲ ਸਬੰਧਿਤ ਸਰਕਾਰੀ ਸਕੀਮਾਂ ਦਾ ਲਾਭ ਲਾਭਪਾਤਰੀਆਂ ਨੂੰ ਦੇਣ ਲਈ ਵੱਖ ਵੱਖ ਸਟਾਲ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸਟਾਲ ਦੇ ਪਿੱਛੇ ਆਪਣੇ ਵਿਭਾਗ ਦਾ ਨਾਮ ਵੱਡੇ ਅੱਖਰਾਂ ਵਿੱਚ ਲਿਖੇ ਬੈਨਰਾਂ ਨੂੰ ਲਗਾਇਆ ਜਾਵੇ ਤਾਂ ਜੋ ਲਾਭਪਾਤਰੀਆਂ ਨੂੰ ਆਪਣੀ ਲੋੜ ਅਨੁਸਾਰ ਸਕੀਮਾਂ ਦਾ ਲਾਭ ਲੈਣ ਲਈ ਵਿਭਾਗ ਦਾ ਸਟਾਲ ਲੱਭਣ ਵਿੱਚ ਕੋਈ ਦਿੱਕਤ ਨਾ ਆਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਵੱਧ ਤੋਂ ਵੱਧ ਕੈਂਪ ਵਿੱਚ ਪਹੁੰਚਣ ਤੇ ਇਸ ਕੈਂਪ ਦਾ ਲਾਹਾ ਲੈਣ।