ਵਧੀਕ ਡਿਪਟੀ ਕਮਿਸ਼ਨਰ ਸੰਧੂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਡ ਸੇਫ਼ਟੀ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

Last Updated: Jun 19 2019 18:43
Reading time: 1 min, 6 secs

ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਰੋਡ ਸੇਫ਼ਟੀ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਗੁਰਦਾਸਪੁਰ ਤੇ ਬਟਾਲਾ ਵਿਖੇ ਟਰੈਫ਼ਿਕ ਸਮੱਸਿਆ ਦੇ ਠੋਸ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਦੀ ਆਵਾਜਾਈ ਸੁਖਾਲੀ ਬਣਾਉਣ ਲਈ ਲੋੜੀਂਦੇ ਕਦਮ ਉਠਾਏ ਜਾਣ।

ਵਧੀਕ ਡਿਪਟੀ ਕਮਿਸ਼ਨਰ ਸੰਧੂ ਨੇ ਸਮੂਹ ਈ.ਓਜ਼ ਨੂੰ ਹਦਾਇਤ ਕੀਤੀ ਕਿ ਸ਼ਹਿਰ, ਬਜ਼ਾਰਾਂ ਅੰਦਰ ਕੀਤੇ ਗਏ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਦੁਕਾਨ ਤੋਂ ਬਾਹਰ ਸਾਮਾਨ ਨਾ ਰੱਖਣ ਲਈ ਕਿਹਾ ਜਾਵੇ। ਨਾਲ ਹੀ ਉਨ੍ਹਾਂ ਈ.ਓਜ਼ ਨੂੰ ਕਿਹਾ ਕਿ ਉਹ ਆਪਣੇ ਖੇਤਰ ਅਧੀਨ ਕਿਸੇ ਅਜਿਹੇ ਬਾਜ਼ਾਰ ਜਾਂ ਸੜਕ ਆਦਿ ਦੀ ਸ਼ਨਾਖ਼ਤ ਕਰਨ ਜੋ ਸਾਫ਼ ਸੁਥਰੀ ਹੋਵੇ, ਜਿੱਥੇ ਕੋਈ ਵੀ ਨਾਜਾਇਜ਼ ਕਬਜ਼ਾ ਨਾ ਕੀਤਾ ਨਾ ਹੋਵੇ, ਉਸ ਨੂੰ ਇਕ ਮਾਡਲ ਵਜੋਂ ਵਿਕਸਿਤ ਕੀਤਾ ਜਾ ਸਕੇ। 

ਮੀਟਿੰਗ ਦੌਰਾਨ ਗੁਰਦਾਸਪੁਰ ਟਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਦੱਸਿਆ ਕਿ ਮਈ ਮਹੀਨੇ 'ਚ 906 ਵਾਹਨਾਂ ਦੇ ਚਲਾਨ ਕੱਟੇ ਗਏ ਹਨ ਤੇ 4 ਲੱਖ 50 ਹਜ਼ਾਰ 500 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ 16 ਚਲਾਨ ਕੀਤੇ ਗਏ ਤੇ 6 ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਇਸ ਮੌਕੇ ਸਰਵ ਕੁਲਵੰਤ ਸਿੰਘ ਐਸ.ਪੀ (ਹੈੱਡਕੁਆਟਰ) ਬਟਾਲਾ, ਨਵਜੋਤ ਸਿੰਘ ਐਸ.ਪੀ (ਹੈੱਡਕੁਆਟਰ) ਗੁਰਦਾਸਪੁਰ, ਗੁਰਚਰਨ ਸਿੰਘ ਸਹਾਇਕ ਆਰ.ਟੀ.ਏ, ਲਖਵਿੰਦਰ ਸਿੰਘ ਡੀ.ਐਸ.ਪੀ , ਵਿਨੋਦ ਮੰਤਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਪ), ਰਕੇਸ਼ ਗੁਪਤਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਐਕਸੀਅਨ ਹਰਜੋਤ ਸਿੰਘ, ਐਕਸੀਅਨ ਅਨੂਪ ਸਿੰਘ ਮਾਂਗਟ ਆਦਿ ਹਾਜ਼ਰ ਸਨ।