ਕੀ ਵਾਕਿਆ ਹੀ ਬੰਦ ਹੋ ਜਾਣਗੀਆਂ ਸਕੂਲਾਂ ਵਿੱਚੋਂ ਮਿਲਦੀਆਂ ਕਿਤਾਬਾਂ ਅਤੇ ਵਰ੍ਹਦੀਆਂ ?

Last Updated: Jun 16 2019 16:11
Reading time: 1 min, 58 secs

ਨਵੇਂ ਬਣੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਆਪਣੇ ਵਿਭਾਗ ਦਾ ਕਾਰਜਭਾਰ ਸੰਭਾਲਦਿਆਂ ਹੀ ਪਹਿਲਾ ਛੱਕਾ ਕੱਢ ਮਾਰਿਆ ਹੈ ਜਿਸ ਤਹਿਤ ਉਨ੍ਹਾਂ ਨੇ ਸਾਰੇ ਹੀ ਸਕੂਲਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਹੁਣ ਕੋਈ ਸਕੂਲ ਆਪਣੇ ਕੈਂਪਸ ਵਿੱਚ ਵਰਦੀਆਂ ਜਾਂ ਕਿਤਾਬਾਂ ਨਹੀਂ ਵੇਚੇਗਾ ਤੇ ਜੇਕਰ ਅਜਿਹਾ ਕਰਦਿਆਂ ਕੋਈ ਫੜਿਆ ਗਿਆ ਤਾਂ ਉਸ ਸਕੂਲ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਇਹ ਵੀ ਆਦੇਸ਼ ਜਾਰੀ ਕਰ ਦਿੱਤਾ ਹੈ ਕਿ ਸਕੂਲਾਂ ਵਾਲੇ ਆਪਣੀ ਆਪਣੀ ਵੈਬਸਾਈਟ ਤੇ ਕਿਤਾਬਾਂ ਅਤੇ ਵਰਦੀਆਂ ਸਬੰਧੀ ਸਾਰੀ ਜਾਣਕਾਰੀ ਅਪਡੇਟ ਕਰਨਗੇ ਤੇ ਜਿੰਨ੍ਹਾ ਸਕੂਲਾਂ ਨੇ ਆਪਣੀ ਵੈਬਸਾਈਟ ਅਜੇ ਤੱਕ ਨਹੀਂ ਬਣਾਈ ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾ ਦਿੱਤਾ ਗਿਆ ਹੈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਨਵੇਂ ਬਣੇ ਸਿੱਖਿਆ ਮੰਤਰੀ ਨੂੰ ਸ਼ਾਇਦ ਅਜਿਹਾ ਗਿਆਨ ਹੀ ਨਹੀਂ ਹੈ ਕਿ ਅਜਿਹੇ ਹੁਕਮ ਪਹਿਲਾਂ ਵੀ ਕਈ ਵਾਰ ਜਾਰੀ ਹੁੰਦੇ ਰਹੇ ਹਨ ਪਰ ਫੇਰ ਵੀ ਸਕੂਲਾਂ ਵਾਲੇ ਧੜੱਲੇ ਨਾਲ ਆਪਣੇ ਆਪਣੇ ਕੈਂਪਸ ਵਿੱਚ ਵਰਦੀਆਂ ਅਤੇ ਕਿਤਾਬਾਂ ਵੇਚੀ ਜਾਂਦੇ ਹਨ। ਹਾਂ ਕੁਝ ਦਿਨ ਸਖਤੀ ਜ਼ਰੂਰ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਪਰ ਮੁੜ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ।

ਹੁਣ ਜਦਕਿ ਮੰਤਰੀ ਸਾਹਿਬ ਨੂੰ ਸਿੱਖਿਆ ਦਾ ਵਿਭਾਗ ਸੰਭਾਲਿਆਂ ਅਜੇ ਚੰਦ ਕੁ ਦਿਨ ਹੀ ਹੋਏ ਹਨ ਇਸ ਲਈ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਉਹ ਆਪਣੇ ਆਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਵਿੱਚ ਸਫਲ ਨਹੀਂ ਹੋਣਗੇ ਇਸ ਲਈ ਥੋੜ੍ਹਾ ਸਮਾ ਤਾਂ ਨਵੇਂ ਸਿੱਖਿਆ ਮੰਤਰੀ ਨੂੰ ਦੇਣਾ ਬਣਦਾ ਹੀ ਹੈ। ਪਰ ਜੋ ਜਮੀਨੀ ਹਕੀਕਤ ਹੈ ਉਸ ਦੀ ਰਿਪੋਰਟ ਸ਼ਾਇਦ ਮੰਤਰੀਆਂ ਤੱਕ ਪਹੁੰਚਦੀ ਨਹੀਂ ਹੈ ਕਿ ਜਦੋਂ ਪਿਛਲੇ ਸਮਿਆਂ ਵਿੱਚ ਅਜਿਹੇ ਵਰਦੀਆਂ ਅਤੇ ਕਿਤਾਬਾਂ ਨਾ ਵੇਚਣ ਵਾਲੇ ਹੁਕਮ ਜਾਰੀ ਹੋਏ ਸਨ ਤਾਂ ਕਈ ਸਕੂਲਾਂ ਵਾਲਿਆਂ ਨੇ ਕਿਤਾਬਾਂ ਅਤੇ ਵਰਦੀਆਂ ਵੇਚਣ ਵਾਲੇ ਠੇਕੇਦਾਰਾਂ ਨੂੰ ਸਕੂਲ ਦੇ ਨਜ਼ਦੀਕ ਹੀ ਦੁਕਾਨਾਂ ਵੀ ਮੁਹੱਈਆ ਕਰਵਾ ਦਿੱਤੀਆਂ ਸਨ। ਜ਼ਿਆਦਾਤਰ ਸਕੂਲਾਂ ਵਿੱਚ ਅਜੇ ਵੀ ਇਹ ਗੋਰਖਧੰਦਾ ਸ਼ਰੇਆਮ ਚੱਲਦਾ ਵੇਖਿਆ ਜਾ ਸਕਦਾ ਹੈ ਜਿਸ ਨਾਲ ਬੱਚਿਆਂ ਦੇ ਮਾਪਿਆਂ ਦੀ ਲੁੱਟ ਖਸੁੱਟ ਜਾਰੀ ਹੈ ਪਰ ਕੋਈ ਰੋਕਣ ਟੋਕਣ ਵਾਲਾ ਹੈ ਹੀ ਨਹੀਂ। ਜਾਣਕਾਰੀ ਮੁਤਾਬਕ ਜ਼ਿਆਦਾਤਰ ਸਕੂਲਾਂ ਵਿੱਚ ਤਾਂ ਸਕੂਲਾਂ ਦੇ ਨਾਮ ਛਪੀਆਂ ਕਾਪੀਆਂ ਤੇ ਬੈਗ ਵੀ ਦਿੱਤੇ ਜਾਂਦੇ ਹਨ। ਕਿਤਾਬਾਂ , ਕਾਪੀਆਂ, ਬੈਗ ਅਤੇ ਵਰਦੀਆਂ ਲਈ ਮੋਟੇ ਪੈਸੇ ਲਏ ਜਾਂਦੇ ਹਨ ਤੇ ਮਾਪੇ ਵੀ ਵਿੱਚਾਰੇ ਸਭ ਕੁਝ ਭਾਣਾ ਮੰਨ ਕੇ ਹੀ ਸਹੀ ਜਾ ਰਹੇ ਹਨ ਤਾਂ ਜੋ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦਾ ਜੁਆਕ ਵਧੀਆ ਪੜ੍ਹਾਈ ਕਰਕੇ ਚੰਗਾ ਇਨਸਾਨ ਬਣ ਸਕੇ। ਇਸ ਲਈ ਇਹ ਸਵਾਲ ਉੱਠਦਾ ਹੈ ਕਿ ਸਰੇਮਆਮ ਧੜੱਲੇ ਨਾਲ ਵਿਕਦੀਆਂ ਕਿਤਾਬਾਂ ਕਾਪੀਆਂ ਅਤੇ ਵਰਦੀਆਂ ਨੂੰ ਰੋਕਿਆ ਜਾ ਸਕੇਗਾ ਜਾਂ ਇੱਕ ਵਾਰ ਫੇਰ ਮੰਤਰੀ ਸਾਹਿਬ ਦੇ ਦਾਅਵੇ ਮਹਿਜ਼ ਪਿਛਲੇ ਮੰਤਰੀਆਂ ਦੇ ਦਾਅਵਿਆਂ ਵਾਂਗ ਹੀ ਹੋ ਨਿਬੜਣਗੇ।