ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅੰਦਰ ਛੱਪੜਾਂ ਨੂੰ ਸਾਫ਼ ਕਰਨ ਦੀ ਮੁਹਿੰਮ ਵੱਡੇ ਪੱਧਰ 'ਤੇ ਜਾਰੀ

Last Updated: Jun 14 2019 19:25
Reading time: 1 min, 27 secs

ਵਿਪੁਲ ਉੱਜਵਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਛੱਪੜਾਂ ਨੂੰ ਸਾਫ਼ ਕਰਨ ਦੀ ਮੁਹਿੰਮ ਜ਼ੋਰਾਂ 'ਤੇ ਹੈ ਅਤੇ ਪਿੰਡਾਂ ਅੰਦਰ ਛੱਪੜਾਂ ਨੂੰ ਤੇਜ਼ਗਤੀ ਨਾਲ ਸਾਫ਼ ਕਰਵਾਇਆ ਜਾ ਰਿਹਾ ਹੈ। 'ਪੰਜਾਬ ਤੰਦਰੁਸਤ ਮਿਸ਼ਨ' ਤਹਿਤ ਛੱਪੜਾਂ ਵਿਚੋਂ ਗੰਦਾ ਪਾਣੀ ਅਤੇ ਗਾਰ ਕੱਢਣ ਦਾ ਕੰਮ ਤੇਜ਼ਗਤੀ ਨਾਲ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਗਈ ਹੈ ਤੇ ਇਸ ਮੁਹਿੰਮ ਤਹਿਤ ਜਿੱਥੇ ਪੰਜਾਬ ਦੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਹੋਵੇਗੀ ਉਥੇ ਪਿੰਡਾਂ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ 'ਚ ਵੀ ਇਹ ਕਦਮ ਕਾਰਗਰ ਸਾਬਤ ਹੋਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਵੀ ਇਹ ਕਾਰਜ ਕਾਫ਼ੀ ਸਹਾਈ ਸਾਬਤ ਹੋਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵਿਭਾਗਾਂ ਵੱਲੋਂ ਲੋਕਾਂ ਨੂੰ ਸਿਹਤ ਸੰਭਾਲ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਆਦਿ ਦੇ ਮੰਤਵ ਨਾਲ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਪਿੰਡ ਪੱਧਰ ਤਕ ਵਿੱਢਿਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਉਹ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਅੱਗੇ ਆਉਣ ਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤੇ ਪੌਦਿਆਂ ਦੀ ਸੰਭਾਲ ਕੀਤੀ ਜਾਵੇ।

ਇਸ ਮੌਕੇ ਡੀ.ਡੀ.ਪੀ.ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 1348 ਛੱਪੜਾਂ ਵਿਚੋਂ 988 ਛੱਪੜਾਂ ਵਿਚੋਂ ਗੰਦੇ ਪਾਣੀ ਨੂੰ ਸਾਫ਼ ਕੀਤਾ ਜਾਵੇਗਾ। 360 ਛੱਪੜਾਂ ਦਾ ਪਾਣੀ ਠੀਕ ਹੈ। 658 ਛੱਪੜਾਂ ਦੇ ਪਾਣੀ ਸਾਫ਼ ਕਰਨ ਦਾ ਕੰਮ ਜ਼ੋਰਾਂ 'ਤੇ ਹੈ । ਇਸੇ ਤਰਾਂ 616 ਛੱਪੜਾਂ 'ਚ ਗਾਰ ਆਦਿ ਸਾਫ਼ ਕਰਨ ਦੀ ਜ਼ਰੂਰਤ ਹੈ, ਜਿਸ ਵਿਚੋਂ 114 ਛੱਪੜਾਂ ਵਿਚ ਗਾਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਛੱਪੜ ਸਾਫ਼ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਕਾਹਨੂੰਵਾਨ ਬਲਾਕ ਦੇ ਪਿੰਡ ਖੋਜਕੀਪੁਰ, ਡੇਰਾ ਬਾਬਾ ਨਾਨਕ ਬਲਾਕ ਦੇ ਪਿੰਡ ਸ਼ਹਿਜ਼ਾਦਾ ਕਲਾਂ, ਕਾਦੀਆਂ ਗੁੱਜਰਾਂ, ਬਹਿਲੋਲਪੁਰ, ਚੰਦੂ ਸੂਜਾ, ਰਾਊਵਾਲ, ਮੱਲੀਆਂ ਪੱਕਾਂ ਆਦਿ ਵਿਖੇ ਛੱਪੜ ਦੀ ਸਫ਼ਾਈ ਕਰਵਾਈ ਜਾ ਰਹੀ ਹੈ।