ਕਿਰਤੀ ਕਿਸਾਨ ਲੈਣਗੇ ਦੇਸ਼ ਵਿਆਪੀ ਹੜਤਾਲ 'ਚ ਹਿੱਸਾ!!

Last Updated: Jan 06 2020 16:24
Reading time: 1 min, 14 secs

ਆਉਣ ਵਾਲੀ 8 ਜਨਵਰੀ 2020 ਦਿਨ ਬੁੱਧਵਾਰ ਨੂੰ ਭਾਰਤ ਦੀਆਂ ਜਨਤਕ ਜੱਥੇਬੰਦੀਆਂ ਦੇ ਸੱਦੇ ਤੇ ਇਸ ਦਿਨ ਪੇਂਡੂ ਭਾਰਤ ਬੰਦ ਰੱਖਿਆ ਜਾਵੇਗਾ। ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਜਾਣਕਾਰੀ ਦਿੰਦਿਆਂ ਹੋਇਆ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਅਤੇ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ 8 ਜਨਵਰੀ ਨੂੰ ਹੜਤਾਲ ਵਾਲੇ ਦਿਨ ਨਾ ਕੋਈ ਕਿਸਾਨ ਕੋਈ ਵੀ ਚੀਜ਼ ਪਿੰਡਾਂ ਤੋਂ ਬਾਹਰ ਵੇਚਣ ਜਾਵੇਗਾ ਅਤੇ ਨਾ ਹੀ ਖਰੀਦਣ ਜਾਵੇਗਾ, ਕਿਉਂਕਿ ਸਰਕਾਰਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਣਗੌਲਿਆ ਕਰ ਦਿੱਤਾ ਹੈ। ਕਿਸਾਨ ਅਤੇ ਮਜ਼ਦੂਰ ਦਿਨੋਂ ਦਿਨ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਜਾ ਰਹੇ ਹਨ ਅਤੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਉਨ੍ਹਾਂ ਕਿਹਾ ਸਰਕਾਰਾਂ ਨੂੰ ਫਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਤਹਿ ਕੀਤੇ ਜਾਣੇ ਚਾਹੀਦੇ ਹਨ। ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਆਰਥਿਕ ਸਹਾਇਤਾ 10-10 ਲੱਖ ਰੁਪਏ ਦਿੱਤੇ ਜਾਣੇ ਚਾਹੀਦੇ ਹਨ। ਨਾਲ ਹੀ ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਉਮਰ 60 ਸਾਲ ਦੀ ਹੋ ਜਾਂਦੀ ਹੈ, ਉਹ ਮਰਦ ਹੋਵੇ ਜਾਂ ਸਹਿਯੋਗੀ ਔਰਤ ਹੋਵੇ, ਉਨ੍ਹਾਂ ਦੀ ਹਰ ਮਹੀਨੇ ਦੀ ਪੈਨਸ਼ਨ 10 ਹਜ਼ਾਰ ਰੁਪਏ ਗਰੰਟੀ ਦੇ ਤੌਰ ਤੇ ਦੇਣੀ ਚਾਹੀਦੀ ਹੈ। ਕਿਸਾਨਾਂ ਦੇ ਸਮੁੱਚੇ ਕਰਜ਼ੇ ਤੇ ਲੀਕ ਫੇਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੂੰ ਪੰਜਾਬ ਸਰਕਾਰ ਸਾਮਰਾਜੀ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ, ਉਹ ਜ਼ਮੀਨ ਦੋ ਹਿੱਸੇ ਛੋਟੀ ਕਿਸਾਨੀ ਅਤੇ ਇੱਕ ਹਿੱਸਾ ਮਜ਼ਦੂਰਾਂ ਨੂੰ ਘੱਟ ਰੇਟ ਠੇਕੇ ਤੇ ਦੇਣਾ ਚਾਹੀਦੀ ਹੈ। ਇਹਨਾਂ ਮੰਗਾਂ ਨੂੰ ਲੈ ਆਉਣ ਵਾਲੀ ਅੱਠ ਜਨਵਰੀ ਨੂੰ ਪੇਂਡੂ ਭਾਰਤ ਬੰਦ ਦੀ ਕਾਮਯਾਬੀ ਲਈ ਲੋਕਾਂ ਨੂੰ ਅਪੀਲ ਕੀਤੀ ਗਈ।