ਕਿਸਾਨਾਂ ਨੇ ਫੂਕਿਆ ਜੇਲ੍ਹ ਸੁਪਰਡੈਂਟ ਅਤੇ ਡੀਸੀ ਦਾ ਪੁਤਲਾ !!!

Last Updated: Jan 06 2020 16:16
Reading time: 0 mins, 49 secs

ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਗ੍ਰਿਫ਼ਤਾਰੀ ਅਤੇ ਜੇਲ੍ਹ ਵਿੱਚ ਹਮਲੇ ਨੂੰ ਸਾਜਿਸ਼ ਕਰਾਰ ਦਿੰਦਿਆਂ ਪਿੰਡ ਰੋਡੇ ਵਿੱਚ ਮਾਰਚ ਕਰਨ ਉਪਰੰਤ ਜੇਲ੍ਹ ਸੁਪਰਡੈਂਟ ਅਤੇ ਡਿਪਟੀ ਕਮਿਸ਼ਨਰ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ। ਰੋਸ ਪ੍ਰਦਰਸ਼ਨ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਬਲਾਕ ਕਮੇਟੀ ਮੈਂਬਰ ਅਨਮੋਲ ਸਿੰਘ, ਬਲਵਿੰਦਰ ਸਿੰਘ ਪੱਪੂ ਰੋਡੇ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਹਰਬੰਸ ਸਿੰਘ ਰੋਡੇ ਨੇ ਆਪਣੇ-ਆਪਣੇ ਸੰਬੋਧਨ ਵਿੱਚ ਕਿਸਾਨ ਆਗੂ ਸਾਥੀ ਰਾਜਿੰਦਰ ਸਿੰਘ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦਾ ਦੋਸ਼ ਲਾਇਆ।

ਉਨ੍ਹਾਂ ਦੋਸ਼ ਲਾਇਆ ਕਿ ਰਾਜਿੰਦਰ ਸਿੰਘ ਤੇ ਜੇਲ੍ਹ ਵਿੱਚ ਹੋਇਆ ਹਮਲਾ ਫਰੀਦਕੋਟ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਡੂੰਘੀ ਸਾਜਿਸ਼ ਦਾ ਸਿੱਟਾ ਹੈ। ਉਨ੍ਹਾਂ ਨੇ ਕਿਸਾਨ ਆਗੂ ਦੀ ਬਿਨਾਂ ਕਿਸੇ ਸ਼ਰਤ ਫੌਰੀ ਤੌਰ ਤੇ ਰਿਹਾਈ ਦੀ ਮੰਗ ਕੀਤੀ, ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਤੇ ਛਿੰਦਰਪਾਲ ਕੌਰ ਰੋਡੇ ਖੁਰਦ, ਪਰਮਜੀਤ ਕੌਰ ਰੋਡੇ ਖੁਰਦ, ਅਵਤਾਰ ਸਿੰਘ ਰੋਡੇ, ਜੁਗਰਾਜ ਸਿੰਘ ਰੋਡੇ, ਠਾਣਾ ਸਿੰਘ ਕੋਠੇ ਗੁਰੂਪੁਰਾ, ਕੁਲਦੀਪ ਸਿੰਘ ਰੋਡੇ ਖੁਰਦ ਆਦਿ ਹਾਜ਼ਰ ਸਨ।