ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਂਅ ਤੇ ਕਰੀਬ ਪੌਣੇ ਪੰਜ ਲੱਖ ਦੀ ਠੱਗੀ.!!!

Last Updated: Jan 06 2020 12:06
Reading time: 1 min, 33 secs

ਸਥਾਨਕ ਸ਼ਹਿਰ ਦੀ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਰਹਿਣ ਵਾਲੇ ਇੱਕ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦੋ ਵਿਅਕਤੀਆਂ ਦੇ ਵੱਲੋਂ ਕਰੀਬ ਪੌਣੇ ਪੰਜ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਥਾਣਾ ਸਿਟੀ ਫਿਰੋਜ਼ਪੁਰ ਦੇ ਵੱਲੋਂ ਉਕਤ ਦੋਵੇਂ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਥਾਣਾ ਸਿਟੀ ਫਿਰੋਜ਼ਪੁਰ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਵਿੰਦਰ ਕੌਰ ਪਤਨੀ ਪੂਰਨ ਸਿੰਘ ਵਾਸੀ ਮਕਾਨ ਨੰਬਰ 127 ਭਗਤ ਸਿੰਘ ਕਾਲੋਨੀ ਫ਼ਿਰੋਜ਼ਪੁਰ ਸ਼ਹਿਰ ਨੇ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣਾ ਸੀ। ਜਿਸ ਦੇ ਸਬੰਧ ਵਿੱਚ ਉਹ ਕਿਸੇ ਚੰਗੇ ਏਜੰਟ ਦੀ ਭਾਲ ਵਿੱਚ ਸੀ ਅਤੇ ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਨਵਜੋਤ ਸਿੰਘ ਅਤੇ ਦਲਜੀਤ ਸਿੰਘ ਨਾਮ ਦੇ ਵਿਅਕਤੀਆਂ ਨਾਲ ਹੋਈ।

ਜਿਨ੍ਹਾਂ ਨੇ ਮੁਦਈਆ ਨੂੰ ਝਾਂਸੇ ਵਿੱਚ ਲੈ ਕੇ ਕਿਹਾ ਕਿ ਉਹ ਉਨ੍ਹਾਂ ਦੇ ਲੜਕੇ ਨੂੰ ਵਿਦੇਸ਼ ਭੇਜ ਦੇਣਗੇ, ਜਿਸ ਦੇ ਲਈ ਖਰਚਾ ਕਰੀਬ ਪੰਜ ਲੱਖ ਰੁਪਏ ਆਵੇਗਾ। ਜਸਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵੱਲੋਂ ਮਿਥੀ ਹੋਈ ਤਰੀਕ ਤੇ 4 ਲੱਖ 80 ਹਜ਼ਾਰ ਰੁਪਏ ਉਕਤ ਵਿਅਕਤੀਆਂ ਨੂੰ ਦੇ ਦਿੱਤੇ ਅਤੇ ਜਦੋਂ ਕੁਝ ਸਮੇਂ ਬਾਅਦ ਲੜਕੇ ਦੇ ਵੀਜ਼ੇ ਸਬੰਧੀ ਪੁੱਛਿਆਂ ਉਕਤ ਵਿਅਕਤੀਆਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਵੀਜ਼ੇ ਲਈ ਫਾਈਲ ਭੇਜੀ ਹੋਈ ਹੈ ਅਤੇ ਜਲਦ ਹੀ ਵੀਜ਼ਾ ਲੱਗ ਜਾਵੇਗਾ। ਜਸਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਨਾ ਤਾਂ ਉਸ ਦੇ ਲੜਕੇ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਉਨ੍ਹਾਂ ਨੂੰ ਪੈਸੇ ਵਾਪਸ ਕੀਤੇ ਹਨ। ਜਸਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਇਸੇ ਤਰ੍ਹਾਂ ਕਰਕੇ ਉਕਤ ਵਿਅਕਤੀਆਂ ਨੇ ਮੁਦਈਆ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਨਵਜੋਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਚਾਹਲ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਅਤੇ ਦਲਜੀਤ ਪੁੱਤਰ ਦਲੀਪ ਸਿੰਘ ਵਾਸੀ ਟਾਹਲੀ ਸਾਹਿਬ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।