ਜਾਅਲੀ ਇਕਰਾਰਨਾਮਾ ਕਰਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼ !!!

Last Updated: Jan 06 2020 11:59
Reading time: 1 min, 8 secs

ਜਾਅਲੀ ਇਕਰਾਰਨਾਮਾ ਕਰਕੇ ਇੱਕ ਅਨਪੜ੍ਹ ਕਿਸਾਨ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਮਮਦੋਟ ਦੇ ਵੱਲੋਂ ਆੜ੍ਹਤੀਏ ਸਮੇਤ ਚਾਰ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਕਾਲਾ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਪਿੰਡ ਕਾਲੂ ਅਰਾਈ ਹਿਠਾੜ ਨੇ ਪੁਲਿਸ ਥਾਣਾ ਮਮਦੋਟ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੀ ਫ਼ਸਲ ਛੀਨਾ ਸਿੰਘ ਦੀ ਆੜ੍ਹਤ ਤੇ ਸੁੱਟਦੇ ਸੀ, ਜਿਸ ਕਰਕੇ ਮੁੱਦਈ ਦਾ ਆੜ੍ਹਤ ਤੇ ਲੈਣ ਦੇਣ ਚੱਲਦਾ ਸੀ। ਇਸ ਦੌਰਾਨ ਆੜ੍ਹਤੀਏ ਛੀਨਾ ਸਿੰਘ ਨੇ ਪੈਸੇ ਲੈਣ ਦੇਣ ਦੇ ਇਵਜ਼ ਵਜੋਂ ਇੱਕ ਖ਼ਾਲੀ ਅਸ਼ਟਾਮ ਤੇ ਮੁਦਈਆ ਦਾ ਅੰਗੂਠਾ ਲਵਾ ਕੇ ਆਪਣੇ ਕੋਲ ਰੱਖ ਲਿਆ ਅਤੇ ਹਿਸਾਬ ਕਿਤਾਬ ਦਾ ਰੌਲਾ ਪੈ ਜਾਣ ਕਰਕੇ ਮੁਦਈਆ ਦੇ ਫ਼ਸਲ ਛੀਨਾ ਸਿੰਘ ਦੀ ਆੜ੍ਹਤ ਤੇ ਸੁੱਟਣੀ ਬੰਦ ਕਰ ਦਿੱਤੀ।

ਕਾਲਾ ਸਿੰਘ ਨੇ ਦੋਸ਼ ਲਗਾਇਆ ਕਿ ਆੜ੍ਹਤੀਏ ਛੀਨਾ ਸਿੰਘ ਨੇ ਮਹਿੰਦਰ ਸਿੰਘ, ਦੁੱਲਾ ਸਿੰਘ ਅਤੇ ਬਲਦੇਵ ਸਿੰਘ ਅਸ਼ਟਾਮ ਫਰੋਸ਼ ਨਾਲ ਮਿਲ ਕੇ ਹਮਮਸ਼ਵਰਾ ਹੋ ਕੇ ਜਾਅਲੀ ਇਕਰਾਰਨਾਮਾ ਬੇਅ ਤਿਆਰ ਕਰਕੇ ਮੁਦਈਆ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਾਲਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਹਿੰਦਰ ਸਿੰਘ ਪੁੱਤਰ ਪਾਲਾ ਸਿੰਘ, ਦੁੱਲਾ ਪੁੱਤਰ ਸ਼ੇਰ ਸਿੰਘ, ਛੀਨਾ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਕਾਲੂ ਅਰਾਈ ਹਿਠਾੜ ਅਤੇ ਬਲਦੇਵ ਸਿੰਘ ਅਸ਼ਟਾਮ ਫਰੋਸ਼ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਿਲੀ ਕੋਠੇ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।