ਪਿੰਡ ਟੇਂਡੀਵਾਲਾ ਵਿਖੇ ਨੁਕਸਾਨੇ ਗਏ ਬੰਨ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ!!

Last Updated: Aug 25 2019 16:44
Reading time: 1 min, 44 secs

ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਭਾਰਤ-ਪਾਕਿ ਸਰਹੱਦ 'ਤੇ ਪੈਂਦੇ ਪਿੰਡ ਟੇਂਡੀਵਾਲਾ ਵਿੱਚ ਨੁਕਸਾਨੇ ਗਏ ਬੰਨ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਮੌਕੇ 'ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਸੈਨਾ ਦੇ ਜਵਾਨਾਂ, ਨਹਿਰੀ ਵਿਭਾਗ ਦੀ ਟੀਮ ਅਤੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਨੁਕਸਾਨੇ ਗਏ ਬੰਨ ਦੇ ਹਿੱਸੇ ਨੂੰ ਮਜ਼ਬੂਤ ਕਰਨ ਲਈ ਕਾਰਜ ਸ਼ਨੀਵਾਰ ਤੋਂ ਜੰਗੀ ਪੱਧਰ 'ਤੇ ਜਾਰੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਥੈਲਿਆਂ ਨੂੰ ਰੇਤ ਅਤੇ ਮਿੱਟੀ ਨਾਲ ਭਰਕੇ ਨੁਕਸਾਨੇ ਗਏ ਬੰਨ ਦੇ ਹਿੱਸੇ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬੰਨ ਨੂੰ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਕਾਰਜ ਵਿੱਚ ਲਗਾਤਾਰ ਰੁਝੇ ਹੋਏ ਹਨ। ਉਨ੍ਹਾਂ ਕਿਹਾ ਕਿ ਟੇਂਡੀਵਾਲਾ ਸਰਹੱਦ ਦਾ ਆਖਰੀ ਪਿੰਡ ਹੈ, ਜਿੱਥੇ ਪਾਕਿਸਤਾਨ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਤਲੁਜ ਦਾ ਪਾਣੀ ਪਹਿਲਾਂ ਪਾਕਿਸਤਾਨ ਜਾਂਦਾ ਹੈ ਜਿੱਥੇ ਕਸੂਰ ਦੇ ਚਮੜੇ ਉਦਯੋਗ ਦਾ ਪਾਣੀ ਇਸ ਨਾਲ ਰਲ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਸਤਲੁਜ 'ਤੇ ਇੱਕ ਅਜਿਹੀ ਰੋਕ ਬਣਾਈ ਗਈ ਹੈ, ਜਿੱਥੋਂ ਭਾਰਤ ਵਾਲੇ ਪਾਸੇ ਨੂੰ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਹੈ। ਪਿੰਡ ਟੇਂਡੀਵਾਲਾ ਵਿੱਚ ਸਤਲੁਜ ਬੰਨ ਅਚਾਨਕ ਜ਼ਿਆਦਾ ਪਾਣੀ ਆਉਣ ਕਾਰਨ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਬੰਨ ਦੇ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਅਤੇ ਮਜ਼ਬੂਤੀ ਕਰਨ ਲਈ ਹਰ ਸੰਭਵ ਢੰਗ ਨਾਲ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਟੇਂਡੀਵਾਲਾ ਅਤੇ ਆਸ ਪਾਸ ਦੇ ਕੁੱਝ ਪਿੰਡਾਂ ਨੂੰ ਸਾਵਧਾਨੀ ਦੇ ਤੌਰ 'ਤੇ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਆਫ਼ਤ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੈਨਾ ਤੋਂ ਇਲਾਵਾ ਐਨਡੀਆਰਐਫ ਅਤੇ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਨੂੰ ਵੀ ਸਾਵਧਾਨੀ ਵਜੋਂ ਤਾਇਨਾਤ ਕਰ ਦਿੱਤਾ ਗਿਆ ਹੈ, ਤਾਂ ਜੋ ਜ਼ਰੂਰਤ ਪੈਣ 'ਤੇ ਤੁਰੰਤ ਪ੍ਰਭਾਵ ਨਾਲ ਰਾਹਤ ਕਾਰਜ ਸ਼ੁਰੂ ਕੀਤਾ ਜਾ ਸਕੇ। ਪਰ ਸਾਡਾ ਪਹਿਲਾ ਧਿਆਨ ਇਸ ਬੰਨ ਨੂੰ ਮਜ਼ਬੂਤ ਵੱਲ ਹੈ ਤਾਂ ਜੋ ਇਸ ਨੂੰ ਹੋਰ ਟੁੱਟਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਬੰਨ ਵਿੱਚ ਸੈਂਕੜੇ ਰੇਤ-ਮਿੱਟੀ ਦੇ ਥੈਲੇ ਲਗਾਏ ਜਾ ਚੁੱਕੇ ਹਨ ਅਤੇ ਅਜੇ ਵੀ ਕਾਰਜ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਾਰੇ ਕਾਰਕਾਂ ਦਾ ਨਿਰੀਖਣ ਕਰ ਰਹੇ ਹਨ।