ਸ਼ੇਗਾ ਤਸਕਰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ!!

Last Updated: Aug 25 2019 12:35
Reading time: 0 mins, 48 secs

ਤਸਕਰ ਸ਼ੇਗਾ ਨੂੰ ਪੁਲਿਸ ਥਾਣਾ ਸਦਰ ਜ਼ੀਰਾ ਦੇ ਵੱਲੋਂ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਦੇ ਵੱਲੋਂ ਉਕਤ ਤਸਕਰ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜ਼ੀਰਾ ਦੇ ਸਬ ਇੰਸਪੈਕਟਰ ਪਿੱਪਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਬੀਤੇ ਦਿਨ ਪਿੰਡ ਢੰਡੀਆਂ ਵਿਖੇ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ।

ਸਬ ਇੰਸਪੈਕਟਰ ਨੇ ਦੱਸਿਆ ਕਿ ਇਸ ਦੌਰਾਨ ਸ਼ੱਕ ਦੇ ਤਹਿਤ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ। ਪੁਲਿਸ ਮੁਤਾਬਿਕ ਉਕਤ ਵਿਅਕਤੀ ਦੀ ਤਲਾਸ਼ੀ ਲੈਣ ਉਪਰੰਤ ਉਸ ਦੇ ਕਬਜ਼ੇ ਵਿੱਚੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਲੱਖਾਂ ਰੁਪਏ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਗੁਰਸੇਵਕ ਸਿੰਘ ਉਰਫ ਸ਼ੇਗਾ ਪੁੱਤਰ ਨਿਰਵੈਰ ਸਿੰਘ ਵਾਸੀ ਅਰਾਈਆਂ ਵਾਲਾ ਥਾਣਾ ਮੱਖੂ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।