ਨਾਲੀਆਂ ਦੀ ਸਫ਼ਾਈ ਕਰ ਰਹੀ ਔਰਤ ਨਾਲ ਹੁਣ ਛੇੜਛਾੜ !!!

Last Updated: Jul 22 2019 12:07
Reading time: 0 mins, 57 secs

ਕਸਬਾ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਨਨਾਰੀ ਖੋਖਰ ਵਿਖੇ ਨਾਲੀਆਂ ਦੀ ਸਫਾਈ ਕਰ ਰਹੀ ਇੱਕ ਔਰਤ ਦੇ ਨਾਲ ਦੋ ਵਿਅਕਤੀਆਂ ਦੇ ਵੱਲੋਂ ਛੇੜਛਾੜ ਕੀਤੀ ਗਈ। ਔਰਤ ਦੇ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਪੁਲਿਸ ਥਾਣਾ ਗੁਰੂਹਰਸਹਾਏ ਦੇ ਵੱਲੋਂ ਦੋ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਨਨਾਰੀ ਖੋਖਰ ਦੀ ਰਹਿਣ ਵਾਲੀ ਇੱਕ ਔਰਤ ਨੇ ਗੁਰੂਹਰਸਹਾਏ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਹ ਗਲੀ ਵਿੱਚ ਬਣੀ ਨਾਲੀ ਵਿੱਚੋਂ ਕੂੜਾ-ਕਰਕਟ ਬਾਹਰ ਕੱਢ ਰਹੀ ਸੀ ਤਾਂ ਇਸੇ ਦੌਰਾਨ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਸੁਰਿੰਦਰ ਕੁਮਾਰ ਅਤੇ ਹਰਦੀਪ ਨੇ ਮੁੱਦਈਆ ਦੇ ਨਾਲ ਛੇੜਛਾੜ ਕੀਤੀ।

ਔਰਤ ਨੇ ਦੋਸ਼ ਲਗਾਉਂਦਿਆਂ ਹੋਇਆਂ ਦੱਸਿਆ ਕਿ ਉਸਦੇ ਵੱਲੋਂ ਉਕਤ ਘਟਨਾ ਦੇ ਸਬੰਧ ਵਿੱਚ ਥਾਣਾ ਗੁਰੂਹਰਸਹਾਏ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਤਰਲੋਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਸੁਰਿੰਦਰ ਕੁਮਾਰ ਪੁੱਤਰ ਹਰਦਿਆਲ ਸਿੰਘ ਅਤੇ ਹਰਦੀਪ ਪੁੱਤਰ ਸੂਰਜ ਬੈਂਸ ਵਾਸੀ ਪਿੰਡ ਨਨਾਰੀ ਖੋਖਰ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਛੇਤੀ ਹੀ ਔਰਤ ਨਾਲ ਛੇੜਛਾੜ ਕਰਨ ਵਾਲੇ ਬੰਦਿਆਂ ਨੂੰ ਫੜ੍ਹ ਲਿਆ ਜਾਵੇਗਾ।