ਡੇਅਰੀ ਫਾਰਮਰਜ਼ ਤੋਂ ਕੁਸ਼ਲ ਡੇਅਰੀ ਮੈਨੇਜਰ ਬਨਣਾ ਹੈ ਤਾਂ 26 ਜੁਲਾਈ ਨੂੰ ਪਹੁੰਚੋਂ ਮੋਗੇ.!!

Last Updated: Jul 21 2019 17:09
Reading time: 0 mins, 51 secs

ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ 30 ਦਿਨਾਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 13 ਅਗਸਤ 2019 ਨੂੰ ਪੰਜਾਬ ਵਿੱਚ ਅਲੱਗ-ਅਲੱਗ ਡੇਅਰੀ ਟ੍ਰੇਨਿੰਗ ਸੈਂਟਰਾਂ 'ਤੇ ਚਲਾਇਆ ਜਾਵੇਗਾ। ਜਿਸ ਦੇ ਤਹਿਤ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਕੌਂਸਲਿੰਗ 26 ਜੁਲਾਈ 2019 ਨੂੰ ਰੱਖੀ ਗਈ ਹੈ, ਜਿਸ ਵਿੱਚ ਦੁੱਧ ਤੋਂ ਪਦਾਰਥ ਬਣਾਉਣ, ਡੇਅਰੀ ਫਾਰਮ ਦਾ ਪ੍ਰਬੰਧ, ਦੁਧਾਰੂ ਪਸੂਆਂ ਦੀ ਨਸਲਕਸ਼ੀ ਅਤੇ ਸੰਤੁਲਿਤ ਪਸ਼ੂ ਖ਼ੁਰਾਕ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਚਾਹਵਾਨ ਡੇਅਰੀ ਫਾਰਮਰ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਹੋਵੇ ਤੇ ਉਨ੍ਹਾਂ ਕੋਲ ਘੱਟੋ-ਘੱਟ 5 ਦੁਧਾਰੂ ਪਸ਼ੂ ਹੋਣ, ਉਹ 26 ਜੁਲਾਈ 2019 ਨੂੰ ਦਸਵੀਂ ਦਾ ਸਰਟੀਫਿਕੇਟ, ਆਧਾਰ ਕਾਰਡ ਸਮੇਤ ਪਾਸਪੋਰਟ ਸਾਈਜ਼ ਫ਼ੋਟੋ ਲੈ ਕੇ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਗਿੱਲ ਜ਼ਿਲ੍ਹਾ ਮੋਗਾ ਵਿਖੇ ਕੌਂਸਲਿੰਗ ਲਈ ਹਾਜ਼ਰ ਹੋਣ। ਦੂਜੇ ਪਾਸੇ ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਕੁਮਾਰ ਹਾਂਡਾ ਅਤੇ ਕਾਰਜਕਾਰੀ ਅਫਸਰ ਡੇਅਰੀ ਬੀਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਨਿਰਧਾਰਿਤ ਪ੍ਰੋਫਾਰਮੇ ਲਈ ਪ੍ਰਾਸਪੈਕਟ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਬਲਾਕ ਏ, ਕਮਰਾ ਨੰਬਰ 3,4 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਛਾਉਣੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।