ਭਲਕ ਤੋਂ ਸਿਹਤ ਵਿਭਾਗ ਮਨਿਸਟਰੀਅਲ ਕਾਮੇ ਕਰਣਗੇ ਸਾਰਾ ਕੰਮ ਠੱਪ !!!

Last Updated: Jul 21 2019 17:10
Reading time: 1 min, 21 secs

ਸਿਹਤ ਵਿਭਾਗ ਮਨਿਸਟਰੀਅਲ ਕਾਮਿਆਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਭਲਕੇ 22 ਜੁਲਾਈ ਤੋਂ 24 ਜੁਲਾਈ 2019 ਤੱਕ ਹੜ੍ਹਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸਦੇ ਸਬੰਧ ਵਿੱਚ ਅੱਜ ਉਕਤ ਕਾਮਿਆਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਜੱਥੇਬੰਦੀ ਦੀਆਂ ਮੰਨੀਆਂ ਹੋਈਆਂ ਮੰਗਾਂ, ਜੂਨੀਅਰ ਸਕੇਲ ਸਟੈਨੋਗ੍ਰਾਫਰ, ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀ ਅਸਾਮੀ ਦੀ ਰਚਨਾ ਕਰਨਾ, ਸੁਪਰਡੰਟ ਗ੍ਰੇਡ-2, ਸੀਨੀਅਰ ਸਹਾਇਕ, ਅੰਕੜਾ ਸੁਪਰਡੰਟ ਅਤੇ ਅੰਕੜਾ ਸਹਾਇਕ ਦੀਆਂ ਖਾਲੀ ਅਸਾਮੀਆਂ ਭਰਨ, ਸਿਵਲ ਸਰਜਨ ਪੱਧਰ ਤੇ ਮੈਡੀਕਲ ਰੀਬਰਸਮੈਂਟ ਪਾਸ ਕਰਨ ਦੇ ਅਧਿਕਾਰ 2 ਲੱਖ ਤੱਕ ਕਰਨਾ, ਰੋਪੜ ਜ਼ਿਲ੍ਹੇ ਦੀ ਤਰਜ਼ ਤੇ ਨਵੇਂ ਬਣੇ ਜ਼ਿਲ੍ਹਿਆਂ ਵਿੱਚ ਅਸਾਮੀਆਂ ਦੀ ਰਚਨਾ ਕਰਨਾ, ਸੁਪਰਡੰਟ ਗ੍ਰੇਡ-2 ਦੀਆਂ 50 ਪ੍ਰਤੀਸ਼ਤ ਅਸਾਮੀਆਂ ਨੂੰ ਅਪਗ੍ਰੇਡ ਕਰਨਾ, ਜੀ.ਪੀ. ਫੰਡ ਆਨਲਾਈਨ ਕਰਨਾ ਅਧੀਨ ਦਫਤਰਾਂ ਵਿਖੇ ਸਟੇਸ਼ਨਰੀ, ਫਰਨੀਚਰ ਆਦਿ ਲਈ ਬਜਟ ਦਾ ਪ੍ਰਬੰਧ ਕਰਨਾ, ਸਟੈਨੋ ਕਾਡਰ ਦੀਆਂ ਕਲਰਕਾਂ ਵਾਂਗ 50-50 ਅਨੁਪਾਤ ਅਨੁਸਾਰ ਜੂਨੀਅਰ ਸਕੇਲ ਸਟੈਨੋਗ੍ਰਾਫਰ ਪਲੇਸਮੈਂਟ ਕਰਵਾਉਣ ਸਬੰਧੀ ਆਦਿ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਸਿਹਤ ਵਿਭਾਗ ਮਨਿਸਟਰੀਅਲ ਕਾਮੇ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਸਹਿਮਤੀ ਦੇਣ ਦੇ ਬਾਵਜੂਦ ਲਾਰਾ-ਲੱਪਾ ਵਾਲੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਜੱਥੇਬੰਦੀ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਹੁਣ ਮੰਗਾਂ ਨਾ ਮੰਨਣ ਕਰਕੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਸੂਬਾ ਕਮੇਟੀ ਵੱਲੋਂ ਸਰਕਾਰ ਤੋਂ ਹੱਕੀ ਅਤੇ ਜਾਇਜ਼ ਮੰਗਾਂ ਲਾਗੂ ਕਰਵਾਉਣ ਹਿੱਤ ਦਿੱਤੇ ਸੱਦੇ ਅਨੁਸਾਰ ਭਲਕੇ 22 ਜੁਲਾਈ 2019 ਤੋਂ 24 ਜੁਲਾਈ 2019 ਤੱਕ ਕਲਮ ਛੋੜ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਜਨਮ ਅਤੇ ਮੌਤ ਰਜਿਸਟ੍ਰੇਸ਼ਨ, ਮੈਡੀਕਲ ਸਰਟੀਫਿਕੇਟ, ਮੈਡੀਕਲ ਰੀਬਰਸਮੈਂਟ, ਹੈਂਡੀਕੈਪ ਸਰਟੀਫਿਕੇਟ, ਡਰੱਗਜ਼ ਸ਼ਾਖਾ, ਫੂਡ ਰਜਿਸਟ੍ਰੇਸ਼ਨ, ਕਲੈਰੀਕਲ ਦਾ ਮੁਕੰਮਲ ਕੰਮ ਠੱਪ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਉਪਰੋਕਤ ਮੰਗਾਂ ਨੂੰ ਅਮਲੀਜਾਮਾ ਨਹੀਂ ਦਿੱਤਾ ਜਾਂਦਾ ਤਾਂ, ਕਲਮਛੋੜ ਹੜਤਾਲ ਅੱਗੇ ਵਧਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਆਮ ਜਨਤਾ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।