ਸਰਹੱਦ ਤੋਂ 25 ਕਰੋੜ ਦੀ ਹੈਰੋਇਨ ਸਣੇ 5 ਪਾਕਿਸਤਾਨੀ ਜਿੰਦਾ ਰੌਂਦ ਬਰਾਮਦ !!!

Last Updated: Jun 20 2019 17:23
Reading time: 1 min, 7 secs

ਹਿੰਦ-ਪਾਕਿ ਸਰਹੱਦ 'ਤੇ ਸਥਿਤ ਸਰਹੱਦੀ ਸੁਰੱਖਿਆ ਬਲ ਦੀ ਚੌਂਕੀ ਦੋਨਾ ਤੇਲੂ ਮੱਲ ਦੇ ਇਲਾਕੇ ਵਿੱਚੋਂ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੇ ਦੌਰਾਨ ਕਰੀਬ 25 ਕਰੋੜ ਰੁਪਏ ਦੀ ਹੈਰੋਇਨ ਸਮੇਤ 5 ਜਿੰਦਾ ਪਾਕਿਸਤਾਨੀ ਰੌਂਦ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਸੰਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਅਤੇ ਡਰੱਗ ਸਮਗਲਰਾਂ ਨੂੰ ਫੜਨ ਦੇ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸੁਖਵਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ (ਮੇਜਰ ਕ੍ਰਾਈਮ ਫ਼ਿਰੋਜ਼ਪੁਰ) ਸਮੇਤ ਸਤਨਾਮ ਸਿੰਘ ਉਪ ਕਪਤਾਨ ਪੁਲਿਸ (ਦਿਹਾਤੀ ਫ਼ਿਰੋਜ਼ਪੁਰ) ਨਰਿੰਦਰ ਸਿੰਘ ਉਪ ਕਪਤਾਨ ਪੁਲਿਸ (ਜ਼ੀਰਾ), ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਫ਼ਿਰੋਜ਼ਪੁਰ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਸਰਹੱਦੀ ਚੌਂਕੀ ਦੋਨਾ ਤੇਲੂ ਮੱਲ ਇਲਾਕੇ ਵਿੱਚ ਕੰਡਿਆਲੀ ਤਾਰ ਤੋਂ ਪਾਰ ਇੰਡੋ-ਪਾਕਿ ਜ਼ੀਰੋ ਲਾਇਨ ਦੇ ਕੋਲ ਭਾਰਤ ਵਾਲੇ ਪਾਸੇ ਬੁਰਜੀ ਨੰਬਰ 193/9 'ਤੇ ਪਾਕਿਸਤਾਨੀ ਸਮਗਲਰਾਂ ਵੱਲੋਂ ਹੈਰੋਇਨ ਤੇ ਜਿੰਦਾ ਕਾਰਤੂਸ ਭੇਜੇ ਗਏ ਹਨ। 

ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਸੰਦੀਪ ਗੋਇਲ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਸਾਰ ਪੁਲਿਸ ਅਧਿਕਾਰੀਆਂ ਨੇ ਬੀ.ਐਸ.ਐਫ ਦੇ ਜਵਾਨਾਂ ਨੂੰ ਨਾਲ ਲੈ ਕੇ ਜਦੋਂ ਸਰਹੱਦ 'ਤੇ ਸਰਚ ਆਪ੍ਰੇਸ਼ਨ ਚਲਾਇਆ ਤਾਂ ਜ਼ੀਰੋ ਲਾਇਨ ਤੋਂ 4 ਕਿੱਲੋ 820 ਗ੍ਰਾਮ ਹੈਰੋਇਨ ਸਮੇਤ 5 ਪਾਕਿਸਤਾਨੀ ਰੌਂਦ ਜਿੰਦਾ 7.63 ਬੋਰ ਦੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਇਸ ਸਬੰਧ ਵਿੱਚ ਅਣਪਛਾਤੇ ਸਮਗਲਰਾਂ ਦੇ ਵਿਰੁੱਧ ਐਨਡੀਪੀਐਸ ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।