ਲੱਖਾਂ ਰੁਪਏ ਦੀ ਹੈਰੋਇਨ ਸਣੇ ਤਿੰਨ ਸਮੱਗਲਰ ਕਾਬੂ.!!!

Last Updated: Jun 20 2019 14:33
Reading time: 1 min, 37 secs

ਤਲਵੰਡੀ ਭਾਈ ਅਤੇ ਗੁਰੂਹਰਸਹਾਏ ਪੁਲਿਸ ਦੇ ਵੱਲੋਂ ਤਿੰਨ ਕਥਿਤ ਸਮੱਗਲਰਾਂ ਨੂੰ ਗ੍ਰਿਫਤਾਰ ਕਰਦਿਆ ਹੋਇਆ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੱਖਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦੇ ਵੱਲੋਂ ਉਕਤ ਤਿੰਨੇ ਵਿਅਕਤੀਆਂ ਦੇ ਵਿਰੁੱਧ ਮਾਮਲੇ ਦਰਜ ਕਰ ਲਏ ਗਏ ਹਨ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਭਾਈ ਦੇ ਸਬ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਬੱਸ ਅੱਡਾ ਸਾਧੂ ਵਾਲਾ ਮੋੜ, ਖੋਸਾ ਦਲ ਸਿੰਘ ਰੋਡ ਤਲਵੰਡੀ ਭਾਈ ਵਿਖੇ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲੈ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਸ਼ੱਕ ਦੇ ਤਹਿਤ ਇੱਕ ਮੋਟਰਸਾਈਕਲ ਨੂੰ ਰੋਕਿਆ ਗਿਆ, ਜਿਸ 'ਤੇ ਇੱਕ ਵਿਅਕਤੀ ਸਵਾਰ ਸੀ। ਪੁਲਿਸ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਜਦੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਮੁਤਾਬਿਕ ਫੜਿਆ ਗਿਆ ਵਿਅਕਤੀ ਮੰਨਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ ਅਤੇ ਉਹ ਅੱਜ ਵੀ ਨਸ਼ਾ ਵੇਚਣ ਦੇ ਵਾਸਤੇ ਹੀ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸਹਿਜਪ੍ਰੀਤ ਸਿੰਘ ਪੁੱਤਰ ਪਿੰਦਰ ਸਿੰਘ ਵਾਸੀ ਹਰਦਾਸਾ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। 

ਦੂਜੇ ਪਾਸੇ ਥਾਣਾ ਗੁਰੂਹਰਸਹਾਏ ਦੇ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਸੁਖਚੈਨ ਸਿੰਘ ਉਰਫ ਸੋਨੀ ਅਤੇ ਸੁਰਿੰਦਰ ਸਿੰਘ ਨਸ਼ੇ ਵੇਚਣ ਦੇ ਆਦੀ ਹਨ ਅਤੇ ਹੁਣ ਵੀ ਉਹ ਨਸ਼ਾ ਵੇਚਣ ਦੇ ਲਈ ਗੁਰੂਹਰਸਹਾਏ ਵੱਲ ਨੂੰ ਆ ਰਹੇ ਹਨ। ਪੁਲਿਸ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਸੂਚਨਾ ਮਿਲਦਿਆ ਸਾਰ ਨਾਕੇਬੰਦੀ ਕਰਕੇ ਉਕਤ ਦੋਵੇਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆ ਹੋਇਆ ਉਨ੍ਹਾਂ ਦੇ ਕਬਜ਼ੇ ਵਿੱਚੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਸੁਖਚੈਨ ਸਿੰਘ ਉਰਫ ਸੋਨੀ ਪੁੱਤਰ ਸਤਨਾਮ ਸਿੰਘ ਵਾਸੀ ਸਰੂਪ ਸਿੰਘ ਵਾਲਾ ਅਤੇ ਸੁਰਿੰਦਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਪਿੰਡ ਮਾੜੇ ਕਲਾਂ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।