ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ!!!

Last Updated: Jun 16 2019 18:05
Reading time: 1 min, 31 secs

ਸੂਬਾ ਸਰਕਾਰ ਦੇ ਹੁਕਮਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ 13 ਜੂਨ ਨੂੰ ਨਹਿਰੀ ਪਾਣੀ ਦੇਣ ਦੇ ਦਾਅਵਿਆਂ ਦੀ ਪੋਲ ਪਿੰਡ ਮਹਿਮਾ ਦੇ ਕਿਸਾਨਾਂ ਵੱਲੋਂ ਖੋਲ੍ਹੀ ਗਈ ਅਤੇ ਪ੍ਰਸ਼ਾਸਨ ਦੇ ਕੰਮਕਾਜ ਉੱਪਰ ਸੁਆਲ ਖੜੇ ਕੀਤੇ ਗਏ। ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਲੰਮੇ ਸਮੇਂ ਤੋਂ ਪ੍ਰਸ਼ਾਸਨ ਨਾਲ ਸੰਪਰਕ ਬਨਾਉਣ ਤੋਂ ਬਾਅਦ ਵੀ ਅੱਜ 16 ਤਾਰੀਖ ਤੱਕ ਫਿਰੋਜ਼ਪੁਰ ਲਿੰਕ ਨਹਿਰ ਵਿੱਚੋਂ ਨਿਕਲਣ ਵਾਲੀ ਮਾਈਨਰ ਨਹਿਰ ਸੂਆ ਦੀ ਖਿਲਾਈ ਅੱਜ ਤੱਕ ਨਹੀਂ ਹੋਈ, ਜਿਸ ਕਾਰਨ ਫਿਰੋਜ਼ਪੁਰ ਲਿੰਕ ਨਹਿਰ ਵਿੱਚ ਅਜੇ ਤੱਕ ਪਾਣੀ ਦੀ ਸਪਲਾਈ ਵੀ ਸ਼ੁਰੂ ਨਹੀਂ ਕੀਤੀ ਗਈ।

ਦੱਸ ਦਈਏ ਕਿ ਨਹਿਰ ਬਾਲੇ ਵਾਲਾ ਹੈੱਡ ਤੋਂ ਤਕਰੀਬਨ 1.5 ਕਿੱਲੋਮੀਟਰ ਅੱਗੇ ਖਲਚੀਆਂ ਕੋਲੋਂ ਨਿਕਲਦੀ ਹੈ ਅਤੇ ਪਿੰਡ ਖਲਚੀਆਂ, ਮਹਿਮਾ, ਚੱਕ ਸਾਧੂ ਵਾਲਾ, ਟਾਹਲੀ ਵਾਲਾ, ਸ਼ਾਮ ਸਿੰਘ ਵਾਲਾ ਪਿੰਡਾਂ ਦੇ ਕਿਸਾਨਾਂ ਨੂੰ ਪਾਣੀ ਦੀ ਸਪਲਾਈ ਕਰਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਨੇਕ ਸਿੰਘ ਮਹਿਮਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੇ ਦੱਸਿਆ ਕਿ ਪਿਛਲੇ ਸਾਲ ਵੀ ਨਹਿਰ ਮਹਿਕਮੇ ਅਤੇ ਡੀਸੀ ਫਿਰੋਜ਼ਪੁਰ ਨੂੰ ਮੰਗ ਪੱਤਰ ਉਨ੍ਹਾਂ ਦੇ ਵੱਲੋਂ ਦਿੱਤੇ ਗਏ ਸੀ, ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਪਿਛਲੇ ਸਾਲ ਅਸੀਂ ਆਪਣੇ ਤੌਰ 'ਤੇ 33 ਹਜ਼ਾਰ ਰੁਪਏ ਇਕੱਠਾ ਕਰਕੇ ਇਸ ਸੂਏ ਦੀ ਖਲਾਈ ਕਰਵਾਈ ਸੀ ਅਤੇ ਇਸ ਸਾਲ ਵੀ ਕਰੀਬ 10 ਹਜ਼ਾਰ ਹੁਣ ਤੱਕ ਕਿਸਾਨਾਂ ਕੋਲੋਂ ਇਕੱਠਾ ਕਰਕੇ ਥੋੜ੍ਹੀ ਬਹੁਤੀ ਖਲਾਈ ਕਰਵਾਈ ਹੈ।

ਪਰ ਅਜੇ ਵੀ ਨਹਿਰ ਪਾਣੀ ਦੀ ਸਪਲਾਈ ਕਰਨ ਲਈ ਯੋਗ ਨਹੀਂ ਹੈ ਅਤੇ ਨਾ ਹੀ ਨਹਿਰ ਵਿੱਚ ਹੀ ਪਾਣੀ ਆਇਆ ਹੈ। ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਗੁੱਸੇ ਦਾ ਪ੍ਰਗਟਾਵਾ ਕੀਤਾ ਅਤੇ ਮੰਗ ਕੀਤੀ ਕਿ ਜਲਦ ਤੋਂ ਜਲਦ ਸੂਏ ਦੀ ਖਲਾਈ ਕਰਵਾ ਕੇ ਨਹਿਰ ਵਿੱਚ ਪਾਣੀ ਛੱਡਿਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਅੰਗਰੇਜ਼ ਸਿੰਘ, ਬੋਹੜ ਸਿੰਘ, ਸੁਖਦੇਵ ਸਿੰਘ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਧੀਰਾ ਸਿੰਘ, ਨਿਸ਼ਾਨ ਸਿੰਘ, ਗੁਰਨਾਮ ਸਿੰਘ, ਨਿਰਵੈਰ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ ਰੌੜਾਂਵਾਲਾ, ਸੁਖਚੈਨ ਸਿੰਘ, ਜਗਸੀਰ ਸਿੰਘ, ਜਸਨਦੀਪ ਸਿੰਘ, ਪਰਮਲ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਰਣਜੋਧ ਸਿੰਘ, ਬਲਵਿੰਦਰ, ਲਖਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।