ਮਾਰਬਲ ਦੀ ਦੁਕਾਨ 'ਤੇ ਡਾਕਾ, ਲੱਖਾਂ ਦਾ ਸਾਮਾਨ ਚੋਰੀ !!!

Last Updated: Jun 16 2019 16:36
Reading time: 0 mins, 53 secs

ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ 'ਤੇ ਸਥਿਤ ਪਿੰਡ ਚੱਕ ਮੇਘਾ ਵਿਰਾਨ ਵਿਖੇ ਸਥਿਤ ਇੱਕ ਮਾਰਬਲ ਦੀ ਦੁਕਾਨ ਵਿੱਚੋਂ ਕਰੀਬ ਡੇਢ ਲੱਖ ਰੁਪਏ ਨਗਦੀ ਅਤੇ ਹੋਰ ਭਾਰੀ ਮਾਤਰਾ ਵਿੱਚ ਸਾਮਾਨ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧ ਵਿੱਚ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਦੇ ਵੱਲੋਂ ਅਣਪਛਾਤੇ ਚੋਰਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਨਨਾਰੀ ਖੋਖਰ ਨੇ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸਦੀ ਮਾਰਬਲ ਦੀ ਦੁਕਾਨ ਪਿੰਡ ਚੱਕ ਮੇਘਾ ਵਿਰਾਨ ਵਿਖੇ ਹੈ।

ਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਬੀਤੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤੇ ਚੋਰ ਮੁੱਦਈ ਦੀ ਦੁਕਾਨ ਵਿੱਚੋਂ 1 ਲੱਖ 42 ਹਜ਼ਾਰ ਰੁਪਏ ਤੋਂ ਇਲਾਵਾ ਇੱਕ ਇਨਵੈਰਟਰ ਸਮੇਤ ਬੈਟਰਾ, ਇੱਕ ਐਲ.ਈ.ਡੀ. ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਦੇ ਸਬੰਧ ਵਿੱਚ ਉਨ੍ਹਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।