ਸਤਲੁੱਜ ਦਰਿਆ ਕੰਡੇ ਚੱਲਦੇ ਸ਼ਰਾਬ ਦੇ ਨਜਾਇਜ਼ ਕਾਰੋਬਾਰ ਦਾ ਪਰਦਾਫਾਸ਼.!!

Last Updated: Jun 16 2019 14:55
Reading time: 1 min, 1 sec

ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਤਲੁੱਜ ਦਰਿਆ ਕੰਡਿਓਂ ਨਜਾਇਜ਼ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਦੋਂਕਿ ਨਜਾਇਜ਼ ਸ਼ਰਾਬ ਕੱਢਣ ਵਾਲੇ ਵਿਅਕਤੀ ਫਰਾਰ ਦੱਸੇ ਜਾ ਰਹੇ ਹਨ। ਇਸ ਸਬੰਧ ਵਿੱਚ ਸਦਰ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਸਰਹੱਦੀ ਪਿੰਡਾਂ ਵਿੱਚ ਮੌਜ਼ੂਦ ਸਨ ਤਾਂ ਉਨ੍ਹਾਂ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਨਿਹਾਲਾ ਕਿਲਚਾ ਬੰਨ ਸਤਲੁੱਜ ਦਰਿਆ ਦੀ ਫਾਟ ਦੇ ਨੇੜੇ ਸਰਕੰਡਿਆਂ ਵਿੱਚ ਕੁਝ ਵਿਅਕਤੀ ਸ਼ਰਾਬ ਕੱਢ ਰਹੇ ਹਨ।
 
ਪੁਲਿਸ ਨੇ ਦਾਅਵਾ ਕਰਦਿਆ ਦੱਸਿਆ ਕਿ ਸੂਚਨਾ ਮਿਲਦਿਆ ਸਾਰ ਜਦੋਂ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਸ਼ਰਾਬ ਕੱਢਣ ਵਾਲੇ ਸਾਰੇ ਵਿਅਕਤੀ ਫਰਾਰ ਹੋ ਗਏ। ਪੁਲਿਸ ਮੁਤਾਬਿਕ ਸਰਕੰਡਿਆਂ ਦੇ ਵਿੱਚੋਂ 500 ਬੋਤਲਾਂ ਨਜਾਇਜ਼ ਸ਼ਰਾਬ ਅਤੇ 1200 ਲੀਟਰ ਲਾਹਣ ਬਰਾਮਦ ਪੁਲਿਸ ਨੇ ਕਰ ਲਈ। ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਫਰਾਰ ਹੋਣ ਵਾਲੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਆਬਕਾਰੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਜਲਦ ਹੀ ਫਰਾਰ ਹੋਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਲਾਖ਼ਾਂ ਦੇ ਪਿਛੇ ਸੁੱਟਿਆ ਜਾਵੇਗਾ।