ਮਹਿਬੂਬਾ ਜਦ ਬੈਠੀ ਹੋਵੇ ਸਾਹਮਣੇ, ਕਿਵੇਂ ਬੋਲ ਜਾਏ ਪਤਨੀ?

Last Updated: Jun 16 2019 15:51
Reading time: 1 min, 31 secs

ਸਥਾਨਕ ਸ਼ਹਿਰ ਦੇ ਮਸ਼ਹੂਰ ਅਲੀਜ਼ਾ ਹੋਟਲ ਵਿਖੇ ਆਪਣੀ ਮਹਿਬੂਬਾ ਨਾਲ ਬੈਠੇ ਇੱਕ ਪਤੀ ਨੂੰ ਉਸ ਦੀ ਪਤਨੀ ਨੇ ਆਪਣੇ ਸਹੁਰੇ ਨੂੰ ਨਾਲ ਲੈ ਕੇ ਫੜ ਲਿਆ। ਇਸ ਦੌਰਾਨ ਪਤੀ ਨੇ ਆਪਣੀ ਮਹਿਬੂਬਾ ਮੂਹਰੇ ਹੀ ਪਤਨੀ ਅਤੇ ਆਪਣੇ ਪਿਤਾ ਨੂੰ ਜਿੱਥੇ ਮਾੜਾ ਚੰਗਾ ਬੋਲਿਆ, ਉੱਥੇ ਹੀ ਪਤਨੀ ਤੇ ਪਿਤਾ ਦੀ ਕੁੱਟਮਾਰ ਕੀਤੀ। ਇਸ ਸਬੰਧ ਵਿੱਚ ਸਿਟੀ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਪਤੀ ਸਮੇਤ ਦੋ ਜਣਿਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਅੰਨੂ ਮਿੱਤਲ ਪਤਨੀ ਵੀਪੁਲ ਮਿੱਤਲ ਵਾਸੀ ਮਕਾਨ ਨੰਬਰ 14/15 ਨੇੜੇ ਦਾਣਾ ਮੰਡੀ ਫਿਰੋਜ਼ਪੁਰ ਕੈਂਟ ਨੇ ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦਾ ਵਿਆਹ 21 ਜਨਵਰੀ 2005 ਨੂੰ ਵੀਪੁਲ ਮਿੱਤਲ ਦੇ ਨਾਲ ਹੋਇਆ ਸੀ। ਅੰਨੂ ਮਿੱਤਲ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਵੀਪੁਲ ਦੇ ਮੁਸਕਾਨ ਨਾਮ ਦੀ ਲੜਕੀ ਦੇ ਨਾਲ ਨਜਾਇਜ਼ ਸਬੰਧ ਹਨ ਅਤੇ ਮਿਤੀ 13 ਜੂਨ 2019 ਨੂੰ ਵੀਪੁਲ ਅਤੇ ਮੁਸਕਾਨ ਅਲੀਜ਼ਾ ਹੋਟਲ ਵਿੱਚ ਮੌਜੂਦ ਸਨ।

ਅੰਨੂ ਮੁਤਾਬਿਕ ਜਦੋਂ ਉਸ ਨੂੰ ਵੀਪੁਲ ਅਤੇ ਮੁਸਕਾਨ ਦਾ ਅਲੀਜ਼ਾ ਹੋਟਲ ਵਿੱਚ ਮੌਜੂਦ ਹੋਇਆ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਆਪਣੇ ਸਹੁਰੇ ਨੂੰ ਨਾਲ ਲੈ ਕੇ ਅਲੀਜ਼ਾ ਹੋਟਲ ਪਹੁੰਚ ਗਈ, ਜਿੱਥੇ ਵੀਪੁਲ ਅਤੇ ਮੁਸਕਾਨ ਨੇ ਮੁੱਦਈਆ ਦੀ ਕੁੱਟਮਾਰ ਕਰਨ ਤੋਂ ਇਲਾਵਾ ਮੁੱਦਈਆ ਦੇ ਸਹੁਰੇ ਨੂੰ ਵੀ ਵੀਪੁਲ ਤੇ ਮੁਸਕਾਨ ਨੇ ਧੱਕੇ ਮਾਰੇ ਅਤੇ ਮੁੱਦਈ ਹੁਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਅੰਨੂ ਮੁਤਾਬਿਕ ਸੱਟਾਂ ਵੱਜਣ ਕਾਰਨ ਉਹ ਜ਼ਖਮੀ ਹੋ ਗਈ ਅਤੇ ਪਰਿਵਾਰ ਵਾਲਿਆਂ ਦੇ ਵੱਲੋਂ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਮੁੱਦਈਆ ਦਾ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸ਼ਰਮਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅੰਨੂ ਮਿੱਤਲ ਦੇ ਬਿਆਨਾਂ ਦੇ ਆਧਾਰ 'ਤੇ ਵੀਪੁਲ ਮਿੱਤਲ ਪੁੱਤਰ ਅਮਰਨਾਥ ਵਾਸੀ ਮਕਾਨ ਨੰਬਰ 14/15 ਨੇੜੇ ਦਾਣਾ ਮੰਡੀ ਕੈਂਟ ਫਿਰੋਜ਼ਪੁਰ ਅਤੇ ਮੁਸਕਾਨ ਪੁੱਤਰੀ ਕੁਲਭੁਸ਼ਨ ਵਾਸੀ ਮਕਾਨ ਨੰਬਰ 5 ਸ਼੍ਰੀ ਹਰੀ ਮੰਦਿਰ ਬਜ਼ਾਰ ਨੰਬਰ 1 ਕੈਂਟ ਫਿਰੋਜ਼ਪੁਰ ਦੇ ਵਿਰੁੱਧ ਆਈਪੀਸੀ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।