ਕਾਤਲਾਨਾ ਹਮਲਾ ਕਰਕੇ ਪਹਿਲੋਂ ਕੀਤਾ ਵਿਅਕਤੀ ਨੂੰ ਜ਼ਖਮੀ, ਫਿਰ ਕੀਤੀ ਲੁੱਟਖੋਹ !!!

Last Updated: May 19 2019 12:47
Reading time: 1 min, 8 secs

ਪਿੰਡ ਅਲੀ ਕੇ ਵਿਖੇ ਇੱਕ ਵਿਅਕਤੀ 'ਤੇ ਕਾਤਲਾਨਾ ਹਮਲਾ ਕਰਨ ਤੋਂ ਬਾਅਦ ਲੁੱਟਖੋਹ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਵੱਲੋਂ 6 ਵਿਅਕਤੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅਮਰੀਕ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਪਿੰਡ ਅਲੀ ਕੇ ਨੇ ਦੋਸ਼ ਲਗਾਉਂਦਿਆਂ ਹੋਇਆਂ ਦੱਸਿਆ ਕਿ ਉਸਦਾ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ। ਅਮਰੀਕ ਨੇ ਦੋਸ਼ ਲਗਾਇਆ ਕਿ ਇਸੇ ਰੰਜਿਸ਼ ਦੇ ਚੱਲਦਿਆਂ ਉਕਤ ਵਿਅਕਤੀਆਂ ਨੇ ਮੁੱਦਈ ਦੇ ਘਰ ਆ ਕੇ ਉਸ 'ਤੇ ਹਮਲਾ ਕਰਦਿਆਂ ਹੋਇਆਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰਨ ਤੋਂ ਬਾਅਦ ਧਮਕੀਆਂ ਦਿੰਦੇ ਹੋਏ ਮੁੱਦਈ ਦੇ ਗਲ ਵਿੱਚ ਪਾਈ ਹੋਈ ਸੋਨੇ ਦੀ ਚੈਨ (ਵਜ਼ਨੀ 10 ਗ੍ਰਾਮ) ਅਤੇ 10 ਹਜ਼ਾਰ ਰੁਪਏ ਜੇਬ ਵਿੱਚੋਂ ਕੱਢ ਕੇ ਲੈ ਗਏ।

ਅਮਰੀਕ ਸਿੰਘ ਮੁਤਾਬਿਕ ਸੱਟਾਂ ਵੱਜਣ ਦੇ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਪਰਿਵਾਰ ਵਾਲਿਆਂ ਦੇ ਵੱਲੋਂ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਰੀਕ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੁੰਦਨ ਸਿੰਘ ਪੁੱਤਰ ਸ਼ਾਹਰਾ ਸਿੰਘ, ਬਲਕਾਰ ਸਿੰਘ ਪੁੱਤਰ ਠਾਕਰ ਸਿੰਘ, ਗੁਰਜੰਟ ਸਿੰਘ ਪੁੱਤਰ ਖੰਡਾ ਸਿੰਘ, ਪਰਮਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ, ਵਿੱਕੀ ਪੁੱਤਰ ਸੁਰਜੀਤ ਸਿੰਘ, ਗੁਰਮੁੱਖ ਸਿੰਘ ਪੁੱਤਰ ਬਿੰਦਰ ਸਿੰਘ ਵਾਸੀਅਨ ਪਿੰਡ ਅਲੀ ਕੇ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।