ਜ਼ਿਲ੍ਹਾ ਪੁਲਿਸ ਮੁਖੀ ਦਫਤਰ ਮੂਹਰੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਤੀਜੇ ਦਿਨ ਧਰਨਾ ਜਾਰੀ..!!!

Last Updated: Jul 12 2018 17:55

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗੁਵਾਈ ਵਿੱਚ ਅੱਜ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਦੇ ਦਫਤਰ ਅੱਗੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਤੀਜੇ ਦਿਨ ਧਰਨਾ ਜਾਰੀ ਰੱਖਿਆ ਗਿਆ। ਇਸ ਮੌਕੇ ਅੱਜ ਕਿਸਾਨਾਂ ਦੇ ਵੱਲੋਂ ਸੁਣਵਾਈ ਨਾ ਹੁੰਦਿਆਂ ਵੇਖ ਰੇਲਾਂ ਰੋਕਣ ਦੇ ਕੀਤੇ ਐਲਾਣ ਦੇ ਦਬਾਅ ਹੇਠ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਲੌਹੁਕਾ ਖੁਰਦ ਦੇ ਮਜ਼ਦੂਰਾਂ ਦੇ ਘਰ ਢਾਹੁਣ ਦੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਕੇ 6 ਵਜੇ ਤੱਕ ਮੁਕੱਦਮਾ ਦਰਜ ਕਰਕੇ ਕਾਪੀ ਦੇਣ ਦਾ ਐਲਾਣ ਕੀਤਾ ਤੇ ਬਾਕੀ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁਝ ਸਿਆਸੀ ਲੋਕਾਂ ਵੱਲੋਂ ਲੌਹੁਕਾ ਖੁਰਦ ਦੇ ਮਜ਼ਦੂਰਾਂ ਦੇ ਕਾਨੂੰਨੀ ਢੰਗ ਨਾਲ ਅਲਾਟ ਹੋਏ ਪਲਾਟਾਂ ਵਿੱਚ ਬਣੇ ਮਕਾਨਾਂ ਨੂੰ ਅਦਾਲਤ ਵੱਲੋਂ ਮਿਲੇ ਕਬਜ਼ੇ ਦੇ ਸਟੇਅ ਦੇ ਬਾਵਜੂਦ ਮਕਾਨ ਢਾਹੁਣ ਵਾਲੇ ਲੋਕਾਂ ਦੇ ਖ਼ਿਲਾਫ਼ ਪੁਲਿਸ ਵੱਲੋਂ ਬੀਤੇ ਇੱਕ ਮਹੀਨੇ ਤੋਂ ਕੋਈ ਵੀ ਕਰਵਾਈ ਨਹੀਂ ਕੀਤੀ ਜਾ ਰਹੀ ਹੈ।

ਪੰਨੂੰ ਨੇ ਦੱਸਿਆ ਕਿ ਜਦੋਂ ਅੱਜ ਜੱਥੇਬੰਦੀ ਵੱਲੋਂ ਰੇਲਾਂ ਰੋਕਣ ਦਾ ਪ੍ਰੋਗਰਾਮ ਐਲਾਨਿਆ ਤਾਂ ਤੁਰੰਤ ਅੱਜ ਸ਼ਾਮ ਸਮੇਂ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਉਨ੍ਹਾਂ ਨਾਲ ਮੀਟਿੰਗ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਧਰਨੇ ਨੂੰ ਸੁਖਦੇਵ ਸਿੰਘ ਮੰਡ, ਸਾਹਿਬ ਸਿੰਘ ਦੀਨੇਕੇ, ਧਰਮ ਸਿੰਘ ਸਿੱਧੂ, ਕਰਨੈਲ ਸਿੰਘ, ਸੁਰਿੰਦਰ ਸਿੰਘ, ਸੁਖਵੰਤ ਸਿੰਘ ਲੌਹੁਕਾ, ਅੰਗਰੇਜ਼ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਸੁਖਵੰਤ ਸਿੰਘ ਮਾਦੀਕੇ, ਅਵਤਾਰ ਸਿੰਘ ਗਜਨੀਵਾਲਾ, ਸਲਵਿੰਦਰ ਸਿੰਘ, ਕਰਮਜੀਤ ਸਿੰਘ ਖਾਲਸਾ, ਮੇਹਰ ਸਿੰਘ ਤਲਵੰਡੀ ਭਾਈ ਆਦਿ ਨੇ ਵੀ ਸੰਬੋਧਨ ਕੀਤਾ।