ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲੀਫ ਫ਼ੰਡ ਸਕੀਮ ਹੈਪੇਟਾਈਟਸ-ਸੀ ਦੇ ਪੀੜਤਾਂ ਲਈ ਹੋ ਰਹੀ ਹੈ ਲਾਹੇਵੰਦ ਸਾਬਤ.!!!

Last Updated: Jul 12 2018 18:06

ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲੀਫ ਫ਼ੰਡ ਸਕੀਮ ਮਹਿੰਗੇ ਇਲਾਜ ਵਾਲੀ ਖ਼ਤਰਨਾਕ ਬਿਮਾਰੀ ਹੈਪੇਟਾਈਟਸ-ਸੀ ਦੇ ਪੀੜਤਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਜਿਸ ਤਹਿਤ ਇਲਾਜ ਪੂਰਾ ਕਰਵਾ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਜ਼ਿਲ੍ਹੇ ਦੇ 1286 ਹੈਪੇਟਾਈਟਸ-ਸੀ ਦੇ ਮਰੀਜ਼ਾਂ ਨੂੰ ਡਾ. ਗੁਰਮਿੰਦਰ ਸਿੰਘ ਸਿਵਲ ਸਰਜਨ ਫ਼ਿਰੋਜਪੁਰ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਮੌਕੇ ਡਾ. ਮੀਨਾਕਸ਼ੀ ਢੀਂਗਰਾ, ਜ਼ਿਲ੍ਹਾ ਐਪੀਡੀਮਾਲੋਜਿਸਟ, ਡਾ. ਯੁਵਰਾਜ ਨਾਰੰਗ ਨੋਡਲ ਅਫ਼ਸਰ ਅਤੇ ਵਿਕਾਸ ਕਾਲੜਾ ਵੀ ਹਾਜ਼ਰ ਸਨ। ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲੀਫ ਫ਼ੰਡ ਅਧੀਨ ਹੈਪੇਟਾਈਟਸ-ਸੀ ਦੇ ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ ਫ਼ਿਰੋਜ਼ਪੁਰ ਵਿਖੇ ਬਿਲਕੁਲ ਮੁਫ਼ਤ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। 

ਇਸ ਸਕੀਮ ਦਾ ਲਾਭ ਲੈਣ ਲਈ ਮਰੀਜ਼ ਦਾ ਪੰਜਾਬ ਦਾ ਵਸਨੀਕ ਹੋਣ ਤੋਂ ਇਲਾਵਾ ਉਨ੍ਹਾਂ ਕੋਲ ਆਧਾਰ ਕਾਰਡ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲੀਫ ਫ਼ੰਡ ਸਕੀਮ ਪੰਜਾਬ ਸਰਕਾਰ ਵੱਲੋਂ 18 ਜੂਨ 2016 ਨੂੰ ਚਾਲੂ ਕੀਤੀ ਗਈ ਸੀ, ਜਿਸ ਤਹਿਤ ਜ਼ਿਲ੍ਹਾ ਫ਼ਿਰੋਜਪੁਰ ਵਿੱਚ ਹੁਣ ਤੱਕ 1876 ਮਰੀਜ਼ਾਂ ਦਾ ਹੈਪੇਟਾਈਟਸ-ਸੀ ਦਾ ਇਲਾਜ ਸ਼ੁਰੂ ਹੋਇਆ ਅਤੇ ਹੁਣ ਤੱਕ 1544 ਮਰੀਜ਼ਾਂ ਦਾ ਦਵਾਈਆਂ ਦਾ ਕੋਰਸ ਪੂਰਾ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 1286 ਮਰੀਜ਼ ਬਿਲਕੁਲ ਠੀਕ ਹੋ ਚੁੱਕੇ ਹਨ। ਡਾ. ਗੁਰਮਿੰਦਰ ਸਿੰਘ ਨੇ ਹੈਪੇਟਾਈਟਸ ਫੈਲਣ ਦੇ ਕਾਰਨ ਦੱਸਦਿਆਂ ਕਿਹਾ ਕਿ ਹੈਪੇਟਾਈਟਸ-ਏ ਅਤੇ ਈ ਬਿਨਾਂ ਹੱਥ ਧੋਏ ਖਾਣਾ ਖਾਣ ਨਾਲ, ਮੱਖੀਆਂ ਦੁਆਰਾ ਦੂਸ਼ਿਤ ਫਲ ਜਾਂ ਭੋਜਨ ਖਾਣ ਨਾਲ, ਦੂਸ਼ਿਤ ਪਾਣੀ ਪੀਣ ਅਤੇ ਗਲੇ-ਸੜੇ ਫਲ ਖਾਣ ਨਾਲ ਫੈਲਦਾ ਹੈ। 

ਉਨ੍ਹਾਂ ਦੱਸਿਆ ਕਿ ਹੈਪੇਟਾਈਟਸ-ਬੀ ਅਤੇ ਸੀ ਨਸ਼ਿਆਂ ਦੇ ਟੀਕਿਆਂ ਦਾ ਇਸਤੇਮਾਲ ਕਰਨ ਨਾਲ, ਦੂਸ਼ਿਤ ਖ਼ੂਨ ਚੜਾਉਣ ਨਾਲ, ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਕਰਨ ਨਾਲ, ਗ੍ਰਸਤ ਮਰੀਜ਼ ਦੇ ਖ਼ੂਨ ਦੇ ਸੰਪਰਕ ਵਿੱਚ ਆਉਣ ਨਾਲ, ਟੁੱਥ ਬੁਰਸ਼ ਅਤੇ ਰੇਜ਼ਰ ਆਪਸ ਵਿੱਚ ਸਾਂਝੇ ਕਰਨ ਨਾਲ, ਗ੍ਰਸਤ ਵਿਅਕਤੀ ਨਾਲ ਸੰਭੋਗ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੈਸਿਸ ਹੋਣ ਨਾਲ, ਗ੍ਰਸਤ ਮਾਂ ਤੋਂ ਨਵਜੰਮੇ ਬੱਚੇ ਨੂੰ ਅਤੇ ਸਰੀਰ ਉੱਤੇ ਟੈਟੂ ਬਣਵਾਉਣ ਨਾਲ ਫੈਲਦਾ ਹੈ। ਉਨ੍ਹਾਂ ਹੈਪੇਟਾਈਟਸ-ਸੀ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਲਗਾਤਾਰ ਬੁਖ਼ਾਰ, ਭਾਰ ਘਟਣਾ, ਭੁੱਖ ਨਾ ਲੱਗਣਾ, ਕੰਮ ਕਰਨ ਨੂੰ ਜੀਅ ਨਾ ਕਰਨਾ, ਉਲਟੀ ਆਉਣੀ ਜਾਂ ਜੀਅ ਮਚਲਾਉਣਾ ਆਦਿ ਇਸ ਦੇ ਪ੍ਰਮੁੱਖ ਲੱਛਣ ਹਨ। 

ਉਨ੍ਹਾਂ ਨੇ ਦੱਸਿਆ ਕਿ ਇਸ ਬਿਮਾਰੀ ਦੀ ਦਵਾਈ ਮੂੰਹ ਰਾਹੀਂ ਖਾਣ ਵਾਲੀਆਂ ਗੋਲੀਆਂ ਦੇ ਰੂਪ ਵਿੱਚ ਹੁੰਦੀ ਹੈ ਅਤੇ ਇੱਕ ਵਾਰ ਵਿੱਚ 28 ਦਿਨਾਂ ਦੀ ਦਵਾਈ ਦਿੱਤੀ ਜਾਂਦੀ ਹੈ ਅਤੇ ਲਗਾਤਾਰ ਉਸ ਨੂੰ ਤਿੰਨ ਮਹੀਨੇ ਦਵਾਈ ਖਾਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਮਰੀਜ਼ ਹੈਪੇਟਾਈਟਸ-ਸੀ ਦਾ ਇਲਾਜ ਕਰਵਾ ਚੁੱਕੇ ਹਨ, ਉਹ ਸਾਰੇ ਬਹੁਤ ਵਧੀਆ ਤੰਦਰੁਸਤ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਲਾਜ ਯੋਗ ਬਿਮਾਰੀ ਹੈ ਅਤੇ ਸਾਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ।