ਪੁੱਤਰਾਂ ਤੇ ਨੂੰਹਾਂ 'ਤੇ ਲੱਗੇ ਬਜ਼ੁਰਗ ਬਾਪ ਦੀ ਕੁੱਟਮਾਰ ਕਰਨ ਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼..!!

Gurpreet Singh Josan
Last Updated: Jul 12 2018 16:59

ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਸ਼ਹਿਜਾਂਦੀ ਵਿਖੇ ਪੁੱਤਰਾਂ ਅਤੇ ਨੂੰਹਾਂ 'ਤੇ ਆਪਣੇ ਹੀ ਬਜ਼ੁਰਗ ਬਾਪ ਦੀ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਰਨੈਲ ਸਿੰਘ ਸੀਤਲ ਵਾਸੀ ਸ਼ਹਿਜਾਂਦੀ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦਾ ਪੁੱਤਰ ਪ੍ਰੀਤਮ ਸਿੰਘ ਅਤੇ ਭੁਪਿੰਦਰ ਸਿੰਘ, ਨੂੰਹ ਸ਼ਰਨਜੀਤ ਕੌਰ ਅਤੇ ਸੁਖਮਨਜੀਤ ਕੌਰ ਨਾਲ ਪਿਛਲੇ ਲੰਮੇ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਦੇ ਪੁੱਤਰਾਂ ਅਤੇ ਨੂੰਹਾਂ ਵੱਲੋਂ ਹਮਮਸ਼ਵਰਾ ਹੋ ਕੇ ਉਸ ਦੇ ਘਰ 'ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਉਸ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਕਬਜ਼ਾ ਨਹੀਂ ਸੀ ਛੱਡ ਰਹੇ।

ਜਿਸ ਦੇ ਚੱਲਦਿਆਂ ਬੀਤੇ ਦਿਨ ਉਸ ਦੇ ਪੁੱਤਰਾਂ ਅਤੇ ਨੂੰਹਾਂ ਨੇ ਉਸ ਦੀ ਪਹਿਲੋਂ ਤਾਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਕੇਸਾਂ ਦੀ ਬੇਅਦਬੀ ਕੀਤੀ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਇਲਾਕੇ ਦੇ ਲੋਕਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਘੱਲ ਖੁਰਦ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਰਨੈਲ ਸਿੰਘ ਸੀਤਲ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।