ਜਬਰ ਵਿਰੋਧੀ ਸੰਘਰਸ਼ ਕਮੇਟੀ ਗੁਰੂਹਰਸਹਾਏ ਨੇ ਫੂਕਿਆ ਖੇਡ ਮੰਤਰੀ ਦਾ ਪੁਤਲਾ..!!

Last Updated: Jul 12 2018 16:12

ਜਬਰ ਵਿਰੋਧੀ ਸੰਘਰਸ਼ ਕਮੇਟੀ ਗੁਰੂਹਰਸਹਾਏ ਦੀ ਅਗੁਵਾਈ ਵਿੱਚ ਪਿੰਡ ਚੱਪਾੜਿੱਕੀ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਸਿੰਘ ਮਹਿਮਾ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕੁਝ ਮਹੀਨੇ ਪਹਿਲੋਂ ਖੇਡ ਮੰਤਰੀ ਰਾਣਾ ਸੋਢੀ ਦੀ ਸ਼ਹਿ 'ਤੇ ਪਿੰਡ ਬਾਜੇ ਕੇ ਦੇ ਸਾਬਕਾ ਸਰਪੰਚ ਕਸ਼ਮੀਰ ਲਾਲ ਵੱਲੋਂ ਪਿੰਡ ਦੇ ਇੱਕ ਗਰੀਬ ਦੁਕਾਨਦਾਰ ਹਾਕਮ ਚੰਦ ਦੀ ਮੋਟਰਾਂ ਠੀਕ ਕਰਨ ਦੀ ਦੁਕਾਨ ਇਸ ਕਰਕੇ ਢਾਹ ਦਿੱਤੀ ਗਈ ਕਿ ਉਸ ਦੀ ਦੁਕਾਨ ਕਾਰਨ ਕੋਠੀ ਦਾ ਰੋਹਬ ਖਰਾਬ ਹੁੰਦਾ ਹੈ। ਮਹਿਮਾ ਨੇ ਦੋਸ਼ ਲਗਾਇਆ ਕਿ ਕਸ਼ਮੀਰ ਲਾਲ ਦੁਕਾਨ ਢਾਹੁਣ ਤੋਂ ਬਾਅਦ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਚੁੱਕ ਕੇ ਲੈ ਗਿਆ ਅਤੇ ਦੁਕਾਨ ਵਾਲੀ ਜਗ੍ਹਾ ਆਪਣੀ ਹਵੇਲੀ ਵਿੱਚ ਮਿਲਾ ਲਈ।

ਉਨ੍ਹਾਂ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪਿਛਲੇ 7 ਮਹੀਨਿਆਂ ਤੋਂ ਜੱਥੇਬੰਦੀਆਂ ਵੱਲੋਂ ਹਾਕਮ ਚੰਦ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਧਰਨੇ ਲਗਾਏ ਜਾ ਰਹੇ ਹਨ ਅਤੇ ਬੀਤੀ 13 ਜੂਨ ਨੂੰ ਜੱਥੇਬੰਦੀਆਂ ਨੇ ਇਨਸਾਫ ਨਾ ਮਿਲਦਾ ਵੇਖ ਕੇ ਖੁਦ ਹੀ ਲੋਕ ਤਾਕਤ ਨਾਲ ਪਲਾਟ ਦਾ ਕਬਜ਼ਾ ਛੁਡਵਾ ਲਿਆ ਸੀ। ਮਹਿਮਾ ਨੇ ਦੋਸ਼ ਇਹ ਵੀ ਲਗਾਇਆ ਕਿ ਰਾਣਾ ਸੋਢੀ ਦੇ ਦਬਾਅ ਕਾਰਨ ਗੁਰੂਹਰਸਹਾਏ ਦੀ ਪੁਲਿਸ ਨੇ ਜੱਥੇਬੰਦੀਆਂ ਦੇ 23 ਆਗੂਆਂ ਅਤੇ 150 ਦੇ ਕਰੀਬ ਅਣਪਛਾਤੇ ਵਰਕਰਾਂ ਉਪਰ ਝੂਠੇ ਪਰਚੇ ਦਰਜ ਕਰ ਦਿੱਤੇ ਅਤੇ ਰੇਸ਼ਮ ਸਿੰਘ ਮਿੱਢਾ ਸਮੇਤ 4 ਆਗੂਆਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ।

ਇਸ ਮੌਕੇ 'ਤੇ ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਪਰਚੇ ਤੁਰੰਤ ਰੱਦ ਕੀਤੇ ਜਾਣ ਅਤੇ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਰਿਹਾਅ ਕੀਤਾ ਜਾਵੇ ਨਹੀਂ ਤਾਂ ਪਿੰਡ-ਪਿੰਡ ਵਿੱਚ ਜਾ ਕੇ ਖੇਡ ਮੰਤਰੀ ਅਤੇ ਉਨ੍ਹਾਂ ਦੇ ਫੀਲਿਆਂ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਰਾਣਾ ਸੋਢੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਰਾਜ ਕੁਮਾਰ ਅਤੇ ਪੰਮਾ ਸੇਠੀ ਗੁਰੂਹਰਸਹਾਏ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਕ੍ਰਾਂਤੀਕਾਰੀ ਯੂਨੀਅਨ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।