ਕਰੋੜਾਂ ਦੇ ਪ੍ਰੋਪਰਟੀ ਟੈਕਸ ਦੀ ਵਸੂਲ ਲਈ ਨਿਗਮ ਵੱਲੋਂ ਕਾਰਵਾਈ ਸ਼ੁਰੂ

Last Updated: Aug 25 2019 14:51
Reading time: 1 min, 7 secs

ਹਾਲ ਹੀ ਵਿੱਚ ਅਬੋਹਰ ਨਗਰ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਮਿਲਿਆ ਹੈ, ਪਰ ਅਬੋਹਰ ਨਗਰ ਨਿਗਮ ਦੇ ਬੇਹਦ ਮਾੜੇ ਆਰਥਿਕ ਹਾਲਾਤਾਂ 'ਚ ਸੁਧਾਰ ਲਈ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਦੁਕਾਨਦਾਰਾਂ ਸਿਰ ਚੜ੍ਹੇ ਕਰੋੜਾਂ ਰੁਪਏ ਦੇ ਪ੍ਰੋਪਰਟੀ ਟੈਕਸ ਦੀ ਵਸੂਲ ਲਈ ਦੁਕਾਨਦਾਰਾਂ ਕੋਲ ਜਾ ਕੇ ਬਣਦੀ ਟੈਕਸ ਦੀ ਰਕਮ ਅਦਾ ਕਰਨ ਦੀ ਅਪੀਲ ਕੀਤੀ ਹੈ। ਨਿਗਮ ਦੇ ਅਧਿਕਾਰੀਆਂ ਨੇ ਇਸਦੇ ਨਾਲ ਹੀ ਨਿਗਮ ਦੀਆਂ ਦੁਕਾਨਾਂ 'ਚ ਬੈਠੇ ਕਿਰਾਏਦਾਰਾਂ ਨੂੰ ਵੀ ਕਿਰਾਇਆ ਅਦਾ ਕਰਨ ਦੀ ਅਪੀਲ ਕੀਤੀ ਹੈ ਅਤੇ ਜੇਕਰ ਉਹ ਜਲਦ ਭੁਗਤਾਨ ਨਹੀਂ ਕਰਦੇ ਤਾਂ ਮਜਬੂਰਨ ਉਨ੍ਹਾਂ ਨੂੰ ਹੋਰ ਕੋਈ ਤਰੀਕਾ ਅਪਣਾਉਣ ਲਈ ਮਜਬੂਰ ਹੋਣਾ ਪਵੇਗਾ।

ਇਸ ਸਬੰਧੀ ਪਤਾ ਚੱਲਿਆ ਹੈ ਕਿ ਸਾਲ 2013 ਤੋਂ ਹੁਣ ਤੱਕ ਸ਼ਹਿਰ 'ਤੇ ਕਰੀਬ 3 ਕਰੋੜ ਰੁਪਏ ਦਾ ਪ੍ਰੋਪਰਟੀ ਟੈਕਸ ਖੜ੍ਹਾ ਹੈ ਅਤੇ ਇਸ ਤੇ 18 ਫੀਸਦੀ ਜੁਰਮਾਨਾ ਤੇ 20 ਫੀਸਦੀ ਸਰਚਾਰਜ ਵਖਰਾ ਹੈ। ਨਿਗਮ ਨੇ ਕਰੋੜਾਂ ਰੁਪਏ ਦੀ ਵਸੂਲੀ ਕਰਨੀ ਹੈ ਅਤੇ ਦੂਸਰੇ ਪਾਸੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁਸਤ ਰੱਖਣ ਵਾਲੇ ਸਫ਼ਾਈ ਸੇਵਕਾਂ ਨੂੰ ਕਈ ਮਹੀਨਿਆਂ ਦੀ ਤਨਖਾਹ ਨਾ ਮਿਲਣ 'ਤੇ ਤਨਖਾਹ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੂੰ ਸੜਕਾਂ 'ਤੇ ਉਤਰਨਾ ਪੈਂਦਾ ਹੈ ਅਤੇ ਮਜਬੂਰਨ ਸਫ਼ਾਈ ਵਿਵਸਥਾ ਨੂੰ ਠੱਪ ਰੱਖਣਾ ਪੈਂਦਾ ਹੈ। ਨਿਗਮ ਦੇ ਅਧਿਕਾਰੀਆਂ ਨੇ 50 ਦੁਕਾਨਦਾਰਾ ਦੀ ਲਿਸਟ ਤਿਆਰ ਕਰਕੇ ਉਨ੍ਹਾਂ ਕੋਲ ਪਹੁੰਚ ਕੇ ਟੈਕਸ ਦੀ ਰਕਮ ਅਦਾ ਕਰਨ ਲਈ ਕਿਹਾ ਹੈ ਅਤੇ ਇਸ ਕਰਕੇ ਅੱਜ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਨਿਗਮ 'ਚ ਅਧਿਕਾਰੀ ਬੈਠੇ ਹਨ ਜਿਨ੍ਹਾਂ ਕੋਲ ਟੈਕਸ ਜਮਾਂ ਕਰਵਾਇਆ ਜਾ ਸਕਦਾ ਹੈ।