ਲੱਗਦੈ, ਸੜਕੀ ਹਾਦਸਿਆਂ ਨੂੰ ਰੋਕਣ 'ਚ ਕਾਮਯਾਬ ਨਹੀਂ ਹੋ ਰਹੀਆਂ ਅਵਾਰਾ ਪਸ਼ੂਆਂ ਦੇ ਗਲੇ ਵਿੱਚ ਪਾਈਆਂ ਜਾਂਦੀਆਂ ਰੇਡੀਅਮ ਬੈਲਟਾਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 24 2019 16:05
Reading time: 1 min, 26 secs

ਪ੍ਰਸ਼ਾਸਨ ਵੱਲੋਂ ਅਵਾਰਾ ਪਸ਼ੂਆਂ ਕਰਕੇ ਹੁੰਦੇ ਸੜਕ ਹਾਦਸਿਆਂ ਤੇ ਇਨ੍ਹਾਂ ਹਾਦਸਿਆਂ 'ਚ ਹੁੰਦੇ ਜਾਨੀ-ਮਾਲੀ ਨੁਕਸਾਨ ਨੂੰ ਰੋਕਣ ਦੇ ਮਕਸਦ ਨਾਲ ਅਬੋਹਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਸਮਾਜਸੇਵੀ ਸੰਸਥਾ ਵੱਲੋਂ ਸ਼ਹਿਰ 'ਚ ਘੁੰਮਣ ਵਾਲੇ ਬੇਸਹਾਰਾ ਪਸ਼ੂਆਂ ਦੇ ਗਲ ਵਿੱਚ ਰੇਡੀਅਮ ਬੈਲਟਾਂ ਪਾ ਕੇ ਹਾਦਸਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਕਿਸੇ ਕੰਮ ਨਹੀਂ ਆ ਰਹੀ। ਲੰਘੀ ਦੇਰ ਸ਼ਾਮ ਨੂੰ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਨੌਜਵਾਨ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਹੈ। 

ਜਾਣਕਾਰੀ ਮੁਤਾਬਿਕ ਧਰਮ ਨਗਰੀ ਵਾਸੀ 20 ਸਾਲਾਂ ਸਾਹਿਲ ਪੁੱਤਰ ਰਾਜ ਕੁਮਾਰ ਲੰਘੀ ਸ਼ਾਮ ਕਰੀਬ ਸਾਢੇ 6 ਵਜੇ ਮਲੋਟ 'ਤੇ ਜਾ ਰਿਹਾ ਸੀ ਕਿ ਪਿੰਡ ਬੱਲੂਆਣਾ ਦੇ ਨੇੜੇ ਉਸਦੀ ਕਾਰ ਸੜਕ 'ਤੇ ਆਏ ਇੱਕ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਬੇਕਾਬੂ ਹੋ ਕੇ ਦਰਖ਼ਤ ਵਿੱਚ ਜਾ ਵੱਜੀ। ਸਿੱਟੇ ਵਜੋਂ ਨੌਜਵਾਨ ਦੇ ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਤੋਂ ਜ਼ਖ਼ਮੀ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ।

ਇਸੇ ਤਰ੍ਹਾਂ ਇੱਕ ਹੋਰ ਮਾਮਲੇ 'ਚ ਸੁਰੇਂਦਰ ਕੁਮਾਰ ਪੁੱਤਰ ਨੰਨੁ ਰਾਮ ਵਾਸੀ ਪਿੰਡ ਭਾਗਸਰ ਲੰਘੀ ਦੇਰ ਸ਼ਾਮ ਪਿੰਡ ਬਜੀਤਪੁਰ ਤੋਂ ਝੁਮਿਆਂਵਾਲੀ ਲਿੰਕ ਰੋਡ 'ਤੇ ਬਾਈਕ 'ਤੇ ਜਾ ਰਿਹਾ ਸੀ ਕਿ ਸੜਕ 'ਤੇ ਅਚਾਨਕ ਪਸ਼ੂ ਆਉਣ ਨਾਲ ਉਸ ਵਿੱਚ ਜਾ ਵੱਜਿਆ। ਸਿੱਟੇ ਵਜੋਂ ਉਸਦੀ ਬਾਈਕ ਬੇਕਾਬੂ ਹੋ ਕੇ ਦਰਖ਼ਤ ਵਿੱਚ ਜਾ ਟਕਰਾਇਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਤੋਂ ਜ਼ਖ਼ਮੀ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ 108 ਐਂਬੂਲੈਂਸ ਸੰਚਾਲਕਾਂ ਨੂੰ ਦਿੱਤੀ ਜਿਨ੍ਹਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ।