ਨਹੀਂ ਰੁੱਕ ਰਿਹਾ ਨਸ਼ਾ

Last Updated: Aug 24 2019 13:11
Reading time: 2 mins, 2 secs

ਸਰਕਾਰ ਤੇ ਪੁਲਿਸ ਵਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਦੇ ਬਾਵਜੂਦ ਸੂਬੇ 'ਚ ਨਸ਼ੇ ਦੀ ਤਸਕਰੀ , ਨਸ਼ੇ ਦੇ ਕਾਰੋਬਾਰ ਬਦਸਤੂਰ ਜਾਰੀ ਹੈ , ਇਸ ਦਾ ਸਬੂਤ ਨਸ਼ੇ ਦੀ ਓਵਰ ਡੋਜ਼ ਕਰਕੇ ਨੌਜਵਾਨਾਂ ਦੀ ਹੁੰਦੀ ਮੌਤ , ਬਰਾਮਦ ਹੁੰਦਾ ਨਸ਼ਾ ਅਤੇ ਨਸ਼ੇ ਸਣੇ ਕਾਬੂ ਕੀਤੇ ਜਾਂਦੇ ਵਿਅਕਤੀ ਹਨ। ਇਸ ਲਈ ਇਹੀ ਕਹਿਣਾ ਬਣਦਾ ਹੈ ਕਿ ਸੂਬੇ 'ਚ ਨਹੀਂ ਰੁੱਕ ਰਿਹਾ ਨਸ਼ਾ।

ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੀ ਗੋਲੀਆਂ, ਭੁੱਕੀ, ਹੈਰੋਈਨ ਅਤੇ ਅਫ਼ੀਮ ਬਰਾਮਦ ਕਰਦੇ ਹੋਏ 5 ਜਣਿਆਂ ਨੂੰ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਇੱਕ ਨੌਜਵਾਨ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕਰ ਲਏ ਹਨ। ਜਾਣਕਾਰੀ ਮੁਤਾਬਿਕ ਥਾਣਾ ਖੂਈਖੇੜਾ 'ਚ ਤਾਇਨਾਤ ਐਸ.ਆਈ ਭਗਵਾਨ ਸਿੰਘ ਨੇ ਦਾਅਵਾ ਕੀਤਾ ਕਿ ਉਹ ਬੀਤੀ ਸ਼ਾਮ ਪੁਲਿਸ ਪਾਰਟੀ ਸਣੇ ਪਿੰਡ ਬੇਗਾਂਵਾਲੀ ਕੋਲ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਸਾਹਮਣੇ ਤੋਂ ਆ ਰਹੇ ਦੋ ਸ਼ੱਕੀ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ 'ਚੋਂ ਇੱਕ ਨੌਜਵਾਨ ਪੁਲਿਸ ਨੂੰ ਵੇਖ ਕੇ ਫ਼ਰਾਰ ਹੋ ਗਿਆ ਜਦਕਿ ਇੱਕ ਨੌਜਵਾਨ ਪੁਲਿਸ ਦੇ ਕਾਬੂ ਆ ਗਿਆ। ਪੁਲਿਸ ਨੇ ਫੜੇ ਗਏ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗ੍ਰਾਮ ਹੈਰੋਈਨ ਬਰਾਮਦ ਹੋਈ। ਪੁਲਿਸ ਨੇ ਫੜੇ ਗਏ ਨੌਜਵਾਨ ਦੀ ਪਛਾਣ ਰਾਜ ਕੁਮਾਰ ਪੁੱਤਰ ਸੁੱਖਰਾਮ ਅਤੇ ਫ਼ਰਾਰ ਨੌਜਵਾਨ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਇੰਦਰਾਜ ਵਾਸੀਆਨ ਪਿੰਡ ਕੋੜਿਆਂਵਾਲੀ ਵਜੋਂ ਕੀਤੀ ਹੈ। 

ਇਸੇ ਤਰ੍ਹਾਂ ਇੱਕ ਹੋਰ ਮਾਮਲੇ 'ਚ ਥਾਣਾ ਸਿਟੀ ਫ਼ਾਜ਼ਿਲਕਾ 'ਚ ਤਾਇਨਾਤ ਐਸ.ਆਈ. ਜੁਗਰਾਜ ਸਿੰਘ ਨੇ ਦਾਅਵਾ ਕੀਤਾ ਕਿ ਉਹ ਬੀਤੀ ਸ਼ਾਮ ਪੁਲਿਸ ਪਾਰਟੀ ਸਣੇ ਸਲੇਮ ਸ਼ਾਹ ਫਾਟਕ ਕੋਲ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਸਾਹਮਣੇ ਤੋਂ ਸ਼ੱਕੀ ਹਾਲਤ 'ਚ ਆ ਰਹੇ ਦੋ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 13 ਕਿੱਲੋ 200 ਗ੍ਰਾਮ ਪੋਸਤ ਅਤੇ 17 ਗ੍ਰਾਮ 300 ਮਿਲੀਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲਿਸ ਨੇ ਫੜੇ ਗਏ ਨੌਜਵਾਨਾਂ ਦੀ ਪਹਿਚਾਣ ਸੋਨੂੰ ਪੁੱਤਰ ਜੀਤ ਸਿੰਘ ਵਾਸੀ ਨਵਾਂ ਸਲੇਮਸ਼ਾਹ ਅਤੇ ਬੂਟਾ ਸਿੰਘ ਉਰਫ਼ ਬੂਟੀ ਪੁੱਤਰ ਮੰਗਲ ਸਿੰਘ ਵਾਸੀ ਨਵਾਂ ਸਲੇਮਸ਼ਾਹ ਵਜੋਂ ਕੀਤੀ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ 'ਚ ਥਾਣਾ ਸਿਟੀ ਜਲਾਲਾਬਾਦ 'ਚ ਤਾਇਨਾਤ ਐਸ.ਆਈ. ਸਰਵਨ ਸਿੰਘ ਨੇ ਦਾਅਵਾ ਕੀਤਾ ਕਿ ਉਹ ਬੀਤੀ ਸ਼ਾਮ ਪੁਲਿਸ ਪਾਰਟੀ ਸਣੇ ਦਸ਼ਮੇਸ਼ ਨਗਰੀ ਤੋਂ ਵਾਟਰ ਡਿਸਪੋਜ਼ਲ ਪਲਾਟ ਤੋਂ ਅੱਗੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਸਾਹਮਣੇ ਤੋਂ ਸ਼ੱਕੀ ਹਾਲਤ 'ਚ ਆ ਰਹੇ ਦੋ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 850 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਫੜੇ ਗਏ ਨੌਜਵਾਨਾਂ ਦੀ ਪਹਿਚਾਣ ਸਤਪਾਲ ਸਿੰਘ ਉਰਫ਼ ਪਾਲੀ ਪੁੱਤਰ ਜਰਨੈਲ ਸਿੰਘ ਵਾਸੀ ਟਿਵਾਣਾ ਕਲਾ ਅਤੇ ਹਰਮੇਸ਼ ਸਿੰਘ ਵਾਸੀ ਢਾਣੀ ਲਟਕਣ ਵਾਲੀ ਅਬੋਹਰ ਵਜੋਂ ਕੀਤੀ ਹੈ।