ਲਗਦੈ, ਸਿੱਖਿਅਕ ਲਈ ਮੁੱਕ ਗਿਆ ਪਾਣੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 21 2019 17:06
Reading time: 1 min, 58 secs

ਬੇਸ਼ਕ ਸੂਬਾ ਸਰਕਾਰ ਨੇ ਪਾਣੀ ਬਚਾਉਣ ਲਈ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਜ਼ਿੰਦਗੀਆਂ ਨੂੰ ਬਚਾਉਣ ਲਈ ਪਾਣੀ ਬਚਾ ਕੇ ਰੱਖਣ ਦੇ ਮੰਤਵ ਨਾਲ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਹਲੇ ਭਵਿੱਖ 'ਚ ਪਾਣੀ ਖਤਮ ਹੁੰਦਾ ਹੈ ਜਾਂ ਨਹੀਂ, ਇਸ ਬਾਰੇ ਤਾਂ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ ਪਰ ਜੇਕਰ ਇੱਕ ਵਿਅਕਤੀ ਦੀ ਉਸ ਚਿੱਠੀ 'ਤੇ ਗੋਰ ਕੀਤਾ ਜਾਵੇ ਤਾਂ ਪੀਣ ਵਾਲਾ ਪਾਣੀ ਤਾਂ ਉਨ੍ਹਾਂ ਦੇ ਮੁਤਾਬਿਕ ਇੱਕ ਮਹੀਨੇ ਤੋ ਮੁੱਕ ਚੁੱਕਿਆ ਹੈ! ਜੀ ਹਾਂ, ਇਹ ਬਿਲਕੁਲ ਸੱਚ ਹੈ ਇਸ ਸ਼ਿਕਾਇਤਕਰਤਾ ਦੇ ਘਰ ਬੀਤੇ ਇੱਕ ਮਹੀਨੇ ਤੋਂ ਪਾਣੀ ਨਹੀਂ ਆ ਰਿਹਾ ਹੈ ਅਤੇ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ।

ਇਹ ਮਾਮਲਾ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਨਾਲ ਜੁੜਿਆ ਹੋਇਆ ਹੈ ਜਿੱਥੇ ਸਮੱਸਿਆ ਹੀ ਸਮੱਸਿਆ ਹੈ। ਇੱਥੋਂ ਦੀ ਸਥਾਨਕ ਧਰਮ ਨਗਰੀ ਗਲੀ ਨੰਬਰ 5 ਨਿਵਾਸੀ ਸਰਕਾਰੀ ਅਧਿਆਪਕ ਸੰਦੀਪ ਕੁਮਾਰ ਬਿਸ਼ਨੋਈ ਪੁੱਤਰ ਮਾਹੀ ਰਾਮ ਨੇ ਪੰਜਾਬ ਦੇ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਅਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੂੰ ਲਿਖਤੀ ਰੂਪ ਨਾਲ ਸ਼ਿਕਾਇਤ ਕੀਤੀ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਵਾਟਰ ਸਪਲਾਈ ਵਿਭਾਗ ਦੇ ਵੱਲੋਂ ਉਨ੍ਹਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ ਜਾਂਦੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਪਾਣੀ ਦੀ ਸਪਲਾਈ ਦੀ ਜਾਣਕਾਰੀ ਸਥਾਨਕ ਵਿਭਾਗ ਤੋਂ ਲੈਣੀ ਚਾਹੀ ਤਾਂ ਉੱਥੇ ਉਨ੍ਹਾਂ ਨੂੰ ਕੋਈ ਵੀ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਸੰਦੀਪ ਕੁਮਾਰ ਨੇ ਇਹ ਵੀ ਦੱਸਿਆ ਕਿ ਉਹ ਹਰ ਮਹੀਨੇ ਪੀਣ ਦੇ ਪਾਣੀ ਦਾ ਅਤੇ ਸੀਵਰੇਜ ਦਾ ਬਿੱਲ ਸਮੇਂ ਸਿਰ ਭਰਦੇ ਹਨ। ਉਨ੍ਹਾਂ ਨੇ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਇਹ ਗੁਜਾਰਿਸ਼ ਕੀਤੀ ਕਿ ਸਬੰਧਿਤ ਅਧਿਕਾਰੀਆਂ ਨੂੰ ਪਾਣੀ ਦੀ ਸਪਲਾਈ ਦੇਣ ਲਈ ਪਾਬੰਦ ਕੀਤਾ ਜਾਵੇ। ਲਗਾਤਾਰ ਜ਼ਮੀਨੀ ਪਾਣੀ ਪੀਣ ਦੇ ਕਾਰਨ, ਜਿਸ ਦਾ ਟੀਡੀਐੱਸ ਬਹੁਤ ਜ਼ਿਆਦਾ ਹੁੰਦਾ ਹੈ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਚਮੜੀ ਦੇ ਰੋਗ, ਵਾਲਾਂ ਦੇ ਰੰਗ ਖਰਾਬ ਹੋਣ ਵਾਲੇ ਰੋਗ ਅਤੇ ਹੋਰ ਕਈ ਤਰ੍ਹਾਂ ਦੇ ਰੋਗ ਹੋ ਰਹੇ ਹਨ। ਉਨ੍ਹਾਂ ਨੇ ਸਬੰਧਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਇਹ ਵੀ ਗੁਜਾਰਿਸ਼ ਕੀਤੀ ਹੈ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਸੈਕਸ਼ਨ ਜਾਂ ਨਿਯਮ ਹੈ ਜਿਸ ਦੇ ਤਹਿਤ ਇਸ ਗੱਲ ਤੋਂ ਇਹ ਇਨਕਾਰੀ ਕੀਤੀ ਜਾ ਸਕੇ ਕਿ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਤਾਂ ਆ ਨਹੀਂ ਰਹੀ ਪਰ ਫਿਰ ਵੀ ਉਹ ਉਸ ਦਾ ਬਿੱਲ ਕਿਉਂ ਦੇਣ, ਇਸ ਦੀ ਜਾਣਕਾਰੀ ਵੀ ਦਿੱਤੀ ਜਾਵੇ। ਉਨ੍ਹਾਂ ਨੇ ਇਸ ਗੱਲ ਦੀ ਵੀ ਗੁਜ਼ਾਰਿਸ਼ ਕੀਤੀ ਕਿ ਉਨ੍ਹਾਂ ਦੀ ਇਸ ਸ਼ਿਕਾਇਤ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ।