ਮਾਮਲਾ ਗੋਦ ਦਿੱਤੀ ਨਵਜੰਮੀ ਬੱਚੀ ਦਾ, ਡੀ.ਸੀ ਵੱਲੋਂ ਮਾਂ ਨੂੰ ਸੌਂਪੀ ਗਈ ਬੱਚੀ

Last Updated: Jul 20 2019 16:50
Reading time: 1 min, 16 secs

ਬੀਤੇ ਦਿਨੀਂ ਸਰਕਾਰੀ ਹਸਪਤਾਲ ਵਿੱਚ ਨਵ ਜੰਮੀ ਬੱਚੀ ਨੂੰ ਨਜਾਇਜ਼ ਰੂਪ ਤੋਂ ਗੋਦ ਦੇਣ ਦਾ ਮਾਮਲਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੱਕ ਪਹੁੰਚ ਗਿਆ। ਜਿਸਤੋਂ ਬਾਅਦ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਣ ਤੋਂ ਬਾਅਦ ਜ਼ਿਲ੍ਹਾ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਦੋਵਾਂ ਪਰਿਵਾਰਾਂ ਸਣੇ ਆਸ਼ਾ ਵਰਕਰਾਂ ਨੂੰ ਸੱਦ ਕੇ ਬੱਚੀ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ, ਜਦਕਿ ਆਸ਼ਾ ਵਰਕਰਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। 

ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਦੁਰਗਾ ਨਗਰੀ ਵਾਸੀ ਪੁਸ਼ਪਾ ਨੇ ਸਿਵਲ ਹਸਪਤਾਲ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ, ਜਿਸਨੂੰ ਉਹ ਰੱਖਣ ਦੀ ਇੱਛੁਕ ਨਹੀਂ ਸੀ। ਇਹ ਉਸਦੀ ਚੌਥੀ ਬੱਚੀ ਸੀ, ਜਿਸਨੂੰ ਪਾਲਣ ਲਈ ਉਸਦਾ ਪਰਿਵਾਰ ਅਸਮਰਥ ਸੀ। ਉਸ ਨੇ ਆਸ਼ਾ ਵਰਕਰਾਂ ਦੀ ਮਦਦ ਨਾਲ ਬੱਚੀ ਨੂੰ ਬਠਿੰਡੇ ਦੇ ਇੱਕ ਪਰਿਵਾਰ ਨੂੰ ਗੋਦ ਦੇ ਦਿੱਤਾ। ਮਾਮਲੇ ਦੀ ਭਿਣਕ ਲੱਗਦੇ ਹੀ ਇਸਦੀ ਜਾਣਕਾਰੀ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੂੰ ਦਿੱਤੀ ਗਈ। ਉਨ੍ਹਾਂ ਮਾਮਲੇ ਦੀ ਜਾਂਚ ਦੇ ਆਦੇਸ਼ ਐਮ.ਓ. ਡਾ. ਯੁਧਿਸ਼ਟਰ ਚੌਧਰੀ ਨੂੰ ਦਿੱਤੇ। ਜਾਂਚ ਤੋਂ ਬਾਅਦ ਬਾਲ ਸੁਰੱਖਿਆ ਵਿਭਾਗ ਦੀ ਇੰਸਪੈਕਟਰ ਰਿਤੂ ਰਾਣੀ ਨੇ ਬੱਚੀ ਨੂੰ ਗੋਦ ਦੇਣ ਵਾਲੇ ਅਤੇ ਗੋਦ ਲੈਣ ਵਾਲੇ ਪਰਿਵਾਰਾਂ ਅਤੇ ਆਸ਼ਾ ਵਰਕਰਾਂ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਸਾਹਮਣੇ ਪੇਸ਼ ਕੀਤਾ। 

ਜ਼ਿਲ੍ਹਾ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵੀ ਪਰਿਵਾਰ ਬੱਚਾ ਗੋਦ ਦੇਣਾ ਚਾਹੁੰਦਾ ਹੈ ਤਾਂ ਪ੍ਰਸ਼ਾਸਨ ਦੇ ਜਰੀਏ ਦੇ ਸਕਦਾ ਹੈ। ਪ੍ਰਸ਼ਾਸਨ ਅਤੇ ਬਾਲ ਸੁਰੱਖਿਆ ਵਿਭਾਗ ਬੱਚੇ ਨੂੰ ਆਪਣੇ ਤਰੀਕੇ ਨਾਲ ਮਾਨਤਾ ਪ੍ਰਾਪਤ ਅਡਾਪਸ਼ਨ ਏਜੰਸੀ ਨੂੰ ਦੇਵੇਗੀ ਅਤੇ ਉਕਤ ਅਡਾਪਸ਼ਨ ਏਜੰਸੀ ਵੱਲੋਂ ਗੋਦ ਲੈਣ ਲਈ ਇੱਕ ਆਨਲਾਈਨ ਪ੍ਰਕ੍ਰਿਆ ਹੈ, ਜੋ ਕੋਈ ਵੀ ਵਿਅਕਤੀ ਆਪਣਾ ਸਕਦਾ ਹੈ। ਉਨ੍ਹਾਂ ਨੇ ਆਸ਼ਾ ਵਰਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਵਿੱਖ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।