ਕਾਰ ਵਿੱਚ ਲੱਗੀ ਅੱਗ ਨਾਲ ਝੁਲਸੀ ਔਰਤ ਦੀ ਮੌਤ, ਦੋ ਹਨ ਜੇਰੇ ਇਲਾਜ

Last Updated: Jul 20 2019 15:33
Reading time: 0 mins, 51 secs

ਜ਼ਿਲ੍ਹੇ ਦੇ ਪਿੰਡ ਸੀਤੋ ਗੁੰਨੋਂ ਵਿੱਚ ਇੱਕ ਕਾਰ ਵਿੱਚ ਲੱਗੀ ਅੱਗ ਕਾਰਨ ਕਾਰ 'ਚ ਸਵਾਰ ਇੱਕ ਔਰਤ ਸਣੇ ਤਿੰਨ ਲੋਕ ਝੁਲਸ ਗਏ ਜਿਨ੍ਹਾਂ ਵਿੱਚੋਂ ਔਰਤ ਨੇ ਦਮ ਤੋੜ ਦਿੱਤਾ। ਔਰਤ ਨੇ ਪੀ.ਜੀ.ਆਈ ਵਿਖੇ ਬੀਤੀ ਰਾਤ ਦਮ ਤੋੜਿਆ। ਅੱਗ ਨਾਲ ਝੁਲਸੇ ਬਾਕੀ ਦੋ ਜਣਿਆ ਦਾ ਇਲਾਜ ਬਠਿੰਡਾ ਵਿਖੇ ਚਲ ਰਿਹਾ ਹੈ। ਸੀਤੋ ਚੌਂਕੀ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।

ਜਾਣਕਾਰੀ ਮੁਤਾਬਿਕ ਸੀਤੋ ਗੁੰਨੋਂ ਵਾਸੀ ਕਰੀਬ 26 ਸਾਲਾਂ ਮਮਤਾ ਪਤਨੀ ਅਮਿਤ ਕੁਮਾਰ ਆਪਣੇ ਦਿਓਰ ਰਾਮ ਸਿੰਘ ਅਤੇ ਸਹੁਰੇ ਮਨੀਰਾਮ ਦੇ ਨਾਲ ਬੀਤੇ ਦਿਨੀਂ ਬਾਜ਼ਾਰ ਤੋਂ ਕਾਰ ਵਿੱਚ ਸਵਾਰ ਹੋ ਕੇ ਘਰ ਜਾ ਰਹੀ ਸੀ ਕਿ ਜਦੋਂ ਉਹ ਘਰ ਪਹੁੰਚੇ ਤਾਂ ਘਰ ਦੇ ਦਰਵਾਜੇ ਵਿੱਚ ਵੜਦੇ ਹੀ ਅਚਾਨਕ ਕਾਰ ਵਿੱਚ ਅੱਗ ਲੱਗ ਗਈ, ਜਿਸ ਕਾਰਨ ਮਮਤਾ ਕਰੀਬ 80 ਫ਼ੀਸਦੀ, ਰਾਮ ਸਿੰਘ 45 ਫ਼ੀਸਦੀ ਅਤੇ ਮਨੀਰਾਮ 40 ਫ਼ੀਸਦੀ ਝੁਲਸ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਝੁਲਸੇ ਲੋਕਾਂ ਨੂੰ ਇਲਾਜ ਲਈ ਬਠਿੰਡਾ ਲੈ ਗਏ, ਜਿੱਥੇ ਮਮਤਾ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੀ.ਜੀ.ਆਈ. ਵਿਖੇ ਬੀਤੀ ਰਾਤ ਉਸਨੇ ਦਮ ਤੋੜ ਦਿੱਤਾ।