Loading the player...

ਬੈਂਕ ਅਤੇ ਭਾਈ ਘਨੱਈਆ ਸੇਵਾ ਸੋਸਾਇਟੀ 'ਤੇ ਧੋਖਾਧੜੀ ਦੇ ਇਲਜ਼ਾਮ (ਨਿਊਜ਼ਨੰਬਰ ਖਾਸ ਖਬਰ)

Last Updated: Jul 12 2018 19:03

ਕਰੀਬ 9 ਕਰੋੜ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ 'ਤੇ ਬੈਂਕ ਵੱਲੋਂ ਸੀਲ ਕੀਤੇ ਗਏ ਅਬੋਹਰ ਹੋਮਿਓਪੈਥਿਕ ਕਾਲਜ ਦੇ ਮਾਮਲੇ ਨੇ ਅੱਜ ਉਸ ਵੇਲੇ ਨਵਾਂ ਮੋੜ ਲਿਆ ਜੱਦ ਸੰਘਰਸ਼ ਕਰ ਰਹੇ ਕਾਲਜ ਸਟਾਫ਼ ਅਤੇ ਕਾਲਜ ਨੂੰ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਨੇ ਬੈਂਕ ਅਤੇ ਕਾਲਜ ਨੂੰ ਸੰਭਾਲ ਰਹੀ ਭਾਈ ਘਨੱਈਆ ਸੇਵਾ ਸੋਸਾਇਟੀ 'ਤੇ ਕਥਿਤ ਤੌਰ ਤੇ ਧੋਖਾਧੜੀ ਦੇ ਇਲਜ਼ਾਮ ਲਾਏ। ਸੰਘਰਸ਼ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਵੀ ਆਪਣੀ ਭੂਮਿਕਾ ਨੂੰ ਜ਼ਿੰਮੇਵਾਰੀ ਨਾਲ ਨਹੀਂ ਨਿਭਾਇਆ ਜਿਸ ਕਰਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪੜ੍ਹਨ ਆਏ ਵਿਦਿਆਰਥੀ ਅੱਜ ਖੱਜਲ ਖੁਆਰ ਹੋ ਰਹੇ ਹਨ ਅਤੇ ਉਨ੍ਹਾਂ ਸਮੇਤ ਸਟਾਫ਼ ਮੈਂਬਰਾਂ 'ਤੇ ਭਵਿੱਖ ਖ਼ਰਾਬ ਹੋਣ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ।

ਅੱਜ ਅਬੋਹਰ ਦੇ ਹੋਮਿਓਪੈਥਿਕ ਹਸਪਤਾਲ 'ਚ ਸ਼ਰਨ ਲੈ ਕੇ ਬੈਠੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਸਮੇਤ ਕਾਲਜ ਨੂੰ ਦਾਨ ਵਜੋਂ ਜ਼ਮੀਨ ਦੇਣ ਵਾਲੇ ਪਰਿਵਾਰ ਦੇ ਮੈਂਬਰ ਚੋਧਰੀ ਦੇਵਰਾਜ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਇਲਜ਼ਾਮ ਲਾਇਆ ਕਿ ਬੈਂਕ ਕਾਲਜ ਨੂੰ ਸੀਲ ਨਹੀਂ ਕਰ ਸਕਦਾ ਸੀ ਕਿਉਂਕਿ ਜਿਸ ਕਰਜ਼ੇ ਦੀ ਗੱਲ ਬੈਂਕ ਕਰ ਰਿਹਾ ਹੈ ਉਹ ਹੋਮਿਓਪੈਥਿਕ ਕਾਲਜ ਦੀ ਜ਼ਮੀਨ 'ਤੇ ਨਹੀਂ ਸਗੋਂ ਭਾਈ ਘਨੱਈਆ ਸੇਵਾ ਸੋਸਾਇਟੀ ਵੱਲੋਂ ਧੋਖੇ ਨਾਲ ਲਿਆ ਗਿਆ ਹੈ, ਬੈਂਕ ਨੇ ਕਰਜ਼ਾ ਸੋਸਾਇਟੀ ਨੂੰ ਦਿੱਤਾ ਹੈ ਅਤੇ ਜ਼ਮੀਨ ਅੱਜ ਵੀ ਹੋਮਿਓਪੈਥਿਕ ਕਾਲਜ ਦੇ ਨਾਮ ਬੋਲ ਰਹੀ ਹੈ ਜਿਸ ਤੇ ਕਾਲਜ ਬਣਿਆ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਬਠਿੰਡਾ ਵਿਖੇ ਡਾਕਟਰੀ ਕਰ ਰਹੇ ਡਾ. ਤਰਸੇਮ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਜੱਦ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਬੜਾ ਦੁੱਖ ਹੋਇਆ।  

ਕਾਲਜ ਨੂੰ ਜ਼ਮੀਨ ਦਾਨ ਦੇਣ ਵਾਲੇ ਪਰਿਵਾਰ ਵੱਲੋਂ ਇਸ ਪੂਰੇ ਮਾਮਲੇ ਵਿੱਚ ਬੈਂਕ ਅਤੇ ਭਾਈ ਘਨੱਈਆ ਸੇਵਾ ਸੋਸਾਇਟੀ ਤੇ ਇਲਜ਼ਾਮ ਲਾਏ ਗਏ ਹਨ। ਜ਼ਮੀਨ ਦਾਨ ਕਰਨ ਵਾਲੇ ਚੌ. ਅਮੀਚੰਦ ਦੇ ਪੁੱਤਰ ਚੌ. ਦੇਵਰਾਜ ਨੇ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਕਰੀਬ 18 ਏਕੜ ਜ਼ਮੀਨ ਹੋਮਿਓਪੈਥਿਕ ਕਾਲਜ ਲਈ ਦਾਨ ਦਿੱਤੀ ਸੀ ਅਤੇ ਇਸ ਵਿੱਚ ਇਹ ਸ਼ਰਤ ਵੀ ਰੱਖੀ ਗਈ ਸੀ ਕਿ ਹੋਮਿਓਪੈਥਿਕ ਕਾਲਜ ਤੋਂ ਇਲਾਵਾ ਇਸ ਜ਼ਮੀਨ ਦੀ ਕਿਤੇ ਹੋਰ ਵਰਤੋਂ ਨਹੀਂ ਕੀਤੀ ਜਾ ਸਕਦੀ।

ਕਾਲਜ 'ਚ ਪੜ੍ਹਦੀ ਆਪਣੀ ਲੜਕੀ ਤੋਂ ਕਾਲਜ ਬਾਰੇ ਸੁਣ ਕੇ ਹੈਦਰਾਬਾਦ ਤੋਂ ਆਈ ਰੇਖਾ ਸ਼ੁਕਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹੀ ਮੰਗ ਹੈ ਕਿ ਬੱਚਿਆ ਦੇ ਭਵਿੱਖ ਨਾਲ ਕਿਸੇ ਤਰ੍ਹਾਂ ਦਾ ਕੋਈ ਖਿਲਵਾੜ ਨਾ ਹੋਵੇ ਅਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਕਾਲਜ ਨੂੰ ਲੱਗੇ ਤਾਲੇ ਖੁਲਵਾ ਕੇ ਉਨ੍ਹਾਂ ਦੀ ਪੜ੍ਹਾਈ ਸ਼ੁਰੂ ਕਰਵਾਈ ਜਾਵੇ।

ਕਾਲਜ ਦੇ ਸਟਾਫ਼ ਨੂੰ ਵੀ ਆਪਣੇ ਭਵਿੱਖ ਦਾ ਖਤਰਾ ਸਤਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਲਜ ਦੇ ਪ੍ਰਬੰਧਕ ਕੋਈ ਹਲ ਕਰਨ ਦੀ ਨੀਅਤ 'ਚ ਨਜ਼ਰ ਹੀ ਨਹੀਂ ਆ ਰਹੇ ਹਨ, ਸੋਸਾਇਟੀ ਵੱਲੋਂ ਬੈਂਕ ਨੂੰ ਪੈਸਾ ਜਮਾ ਕਰਵਾਏ ਜਾਣ ਤੋ ਬਾਅਦ ਹੀ ਕੋਈ ਹਲ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਸਟਾਫ਼ ਕਾਲਜ 'ਤੇ ਆਸ਼ਰਿਤ ਹੈ ਅਤੇ ਉਨ੍ਹਾਂ ਦਾ ਘਰ ਇੱਥੋਂ ਹੀ ਚਲਦਾ ਹੈ।

ਤਾਮਿਲਨਾਡੂ ਤੋਂ ਇੱਥੇ ਪੜ੍ਹਨ ਆਏ ਵਿਦਿਆਰਥੀ ਦੀਪਕ ਰਾਮਾਚੰਦਰਨ ਕਹਿੰਦੇ ਹਨ ਕਿ ਉਸ ਸਮੇਤ ਹੋਰਾਂ ਵਿਦਿਆਰਥੀਆਂ ਦਾ ਅੰਤਿਮ ਸਾਲ ਇਸ ਕਾਲਜ 'ਚ ਚੱਲ ਰਿਹਾ ਹੈ ਪਰ ਹੁਣ ਅਜਿਹੀ ਸਥਿਤੀ 'ਚ ਉਨ੍ਹਾਂ ਨੂੰ ਆਪਣਾ ਭਵਿੱਖ ਅਤੇ ਸਾਲ ਬਰਬਾਦ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਾਲਜ ਮੈਨੇਜਮੈਂਟ 'ਤੇ ਧੋਖਾ ਕਰਨ ਦਾ ਇਲਜ਼ਾਮ ਲਾਇਆ ਹੈ।

ਹੁਣ ਇਸ ਮਾਮਲੇ 'ਚ ਨਵਾਂ ਮੋੜ ਆਉਣ ਨਾਲ ਬੈਂਕ ਅਤੇ ਭਾਈ ਘਨੱਈਆ ਸੇਵਾ ਸੋਸਾਇਟੀ ਸਮੇਤ ਪ੍ਰਸ਼ਾਸਨ 'ਤੇ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲੱਗ ਗਏ ਹਨ, ਜਿਸ ਤਰ੍ਹਾਂ ਦੇ ਇਲਜ਼ਾਮ ਕਾਗਜ਼ੀ ਸਬੂਤਾਂ ਨਾਲ ਲਾਏ ਗਏ ਹਨ ਉਸ ਮੁਤਾਬਿਕ ਇਸ ਪੂਰੇ ਮਾਮਲੇ 'ਚ ਕੋਈ ਵੱਡਾ ਘਪਲਾ ਸਾਹਮਣੇ ਆਉਣ ਵਾਲਾ ਹੈ। ਪਰ ਇੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਆਖਰ ਵਿਦਿਆਰਥੀ ਜਾ ਫਿਰ ਉਨ੍ਹਾਂ ਸਟਾਫ਼ ਮੈਂਬਰਾਂ ਦਾ ਕੀ ਕਸੂਰ ਹੈ ਜਿਨ੍ਹਾਂ ਦਾ ਭਵਿੱਖ ਦਾਅ 'ਤੇ ਲਾ ਦਿੱਤਾ ਗਿਆ ਹੈ ? ਹੁਣ ਪ੍ਰਸ਼ਾਸਨ ਨੂੰ ਆਪਣੀ ਭੂਮਿਕਾ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਲੋੜ ਹੈ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਰਾਹਤ ਦੇਵੇ, ਇਸ ਉਲਝੀ ਹੋਈ ਤਾਣੀ ਦੇ ਤੰਦ ਜਿਸ ਤਰ੍ਹਾਂ ਨਾਲ ਸਾਹਮਣੇ  ਆ ਰਹੇ ਹਨ ਉਸ ਨੂੰ ਵੇਖ ਕੇ ਜਾਪਦਾ ਹੈ ਕਿ ਪ੍ਰਸ਼ਾਸਨ ਤੋ ਇਸ ਮਾਮਲੇ 'ਚ ਕੋਈ ਭੁਲ ਹੋਈ ਹੈ ਜਿਸ ਨੂੰ ਹੱਲੇ ਵੀ ਪ੍ਰਸ਼ਾਸਨ ਵੱਲੋਂ ਸੁਧਾਰਿਆ ਜਾ ਸਕਦਾ ਹੈ।