ਜਾਖੜ ਦੇ ਉਪਰਾਲੇ ਸਦਕਾ ਮਿਲੀ ਸਫ਼ਾਈ ਸੇਵਕਾਂ ਨੂੰ ਤਨਖ਼ਾਹ, ਭੁੱਖ ਹੜਤਾਲ ਸਮਾਪਤ

Last Updated: Jul 12 2018 18:12

ਅਬੋਹਰ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਤਨਖ਼ਾਹ ਨਾ ਮਿਲਣ ਦੇ ਰੋਸ਼ ਵਜੋਂ ਲਾਏ ਗਏ ਧਰਨੇ ਅਤੇ ਭੁੱਖ ਹੜਤਾਲ ਦੇ ਅੱਜ ਦੂੱਜੇ ਦਿਨ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਸਫ਼ਾਈ ਸੇਵਕਾਂ ਨੂੰ ਤਨਖ਼ਾਹ ਜਾਰੀ ਕਰਦੇ ਹੋਏ ਉਨ੍ਹਾਂ ਦੀ ਭੁੱਖ ਹੜਤਾਲ ਖ਼ਤਮ ਕਰਵਾ ਦਿੱਤੀ, ਜਿਸ 'ਤੇ ਸਫ਼ਾਈ ਸੇਵਕਾਂ ਨੇ ਸੰਦੀਪ ਜਾਖੜ ਦਾ ਧੰਨਵਾਦ ਕੀਤਾ ਹੈ।

ਜਾਣਕਾਰੀ  ਮੁਤਾਬਕ ਸਫ਼ਾਈ ਕਰਮਚਾਰੀ ਅੱਜ ਦੂੱਜੇ ਦਿਨ ਵੀ ਤਨਖ਼ਾਹ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਸਨ, ਉੱਥੇ ਹੀ ਕਾਂਗਰਸੀ ਕੌਂਸਲਰਾਂ ਨੇ ਸਫ਼ਾਈ ਕਰਮਚਾਰੀਆਂ ਦੀ ਸਮੱਸਿਆ ਨੂੰ ਵੇਖਦੇ ਹੋਏ ਸੰਦੀਪ ਜਾਖੜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਮੱਸਿਆ ਤੋਂ ਜਾਣੂ ਕਰਵਾਇਆ, ਜਿਸ 'ਤੇ ਸੰਦੀਪ ਜਾਖੜ ਨੇ ਇੱਕ ਮਹੀਨੇ ਦੀ ਤਨਖ਼ਾਹ ਦਾ 46 ਲੱਖ ਰੁਪਏ ਦਾ ਚੈੱਕ ਜਾਰੀ ਕਰਵਾਇਆ ਜਦਕਿ ਮਹਿਲਾ ਸਫ਼ਾਈ ਕਰਮਚਾਰੀਆਂ ਨੂੰ ਦੂੱਜੇ ਮਹੀਨੇ ਦੀ ਤਨਖ਼ਾਹ ਜਾਰੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੂੰ ਵੀ ਦੂੱਜੇ ਮਹੀਨੇ ਦੀ ਤਨਖ਼ਾਹ ਜਲਦੀ ਜਾਰੀ ਕਰਵਾ ਦਿੱਤੀ ਜਾਵੇਗੀ। ਸੰਦੀਪ ਜਾਖੜ ਨੇ ਸਫ਼ਾਈ ਸੇਵਕਾਂ ਤੋਂ ਸ਼ਹਿਰ 'ਚ ਸਫ਼ਾਈ ਵਿਵਸਥਾ ਜਲਦੀ ਹੀ ਸੁਚਾਰੂ ਕਰਨ ਨੂੰ ਕਿਹਾ ਜਿਸ 'ਤੇ ਸਫ਼ਾਈ ਸੇਵਕਾਂ ਨੇ ਸੰਦੀਪ ਜਾਖੜ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਪੂਰੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਚਾਰੂ ਕਰ ਦਿੱਤਾ ਜਾਵੇਗਾ ।

ਕਾਂਗਰਸੀ ਕੌਂਸਲਰ ਨਰਿੰਦਰ ਵਰਮਾ ਨੇ ਕਿਹਾ ਕਿ ਬੀਤੇ ਦਸ ਦਿਨਾਂ ਤੋਂ ਸਫ਼ਾਈ ਸੇਵਕਾਂ ਅਤੇ ਸ਼ਹਿਰਵਾਸੀਆਂ ਨੇ ਜੋ ਸੰਤਾਪ ਝੇਲਿਆ ਹੈ ਉਹ ਭਾਜਪਾ ਦੀ ਹੀ ਦੇਣ ਹੈ। ਕਿਉਂਕਿ ਨਗਰ ਕੌਂਸਲ ਪ੍ਰਧਾਨ ਪ੍ਰਮਿਲ ਕਲਾਨੀ ਨੇ ਆਪਣੇ ਅਸਤੀਫੇ ਬਾਬਤ ਕੋਈ ਸਪਸ਼ਟ ਨਹੀਂ ਕੀਤਾ ਹੈ ਜਿਸ ਕਰਕੇ ਇਹ ਸਾਰੀ ਸਮੱਸਿਆ ਖੜੀ ਹੋਈ ਹੈ। ਕੌਂਸਲਰ ਵਰਮਾ ਨੇ ਕਿਹਾ ਕਿ ਭਾਜਪਾ ਨੇ ਕਦੇ ਸ਼ਹਿਰ ਦਾ ਭਲਾ ਨਹੀਂ ਸੋਚਿਆ, ਜਿਸ ਦੇ ਚਲਦੇ ਕਈ ਸਾਲਾਂ ਤੋਂ ਸ਼ਹਿਰਵਾਸੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਹੁਣ ਸੰਦੀਪ ਜਾਖੜ ਦੀ ਅਗਵਾਈ ਹੇਠ ਪੂਰੇ ਸ਼ਹਿਰ 'ਚ ਬਿਨਾਂ ਪੱਖਪਾਤ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਕੌਂਸਲਰ ਨਰੇਸ਼ ਵੱਧਵਾ, ਕੌਂਸਲਰ ਗਣੇਸ਼ ਸਬਲਾਨੀਆ, ਕੌਂਸਲਰ ਗਣਪਤ ਰਾਮ, ਕੌਂਸਲਰ ਪਤੀਮਾ. ਰਾਮ ਅਵਤਾਰ, ਕੌਂਸਲਰ ਦੇ ਪਤੀ ਮੰਗਤ ਰਾਏ ਬੱਠਲਾ, ਸਾਬਕਾ ਕੌਂਸਲਰ ਮਨਿੰਦਰ ਕਿੱਲੋ, ਕੌਂਸਲਰ ਪਤੀ ਛਿੰਦੀ ਅਤੇ ਹੋਰ ਸਫ਼ਾਈ ਕਰਮਚਾਰੀ ਮੌਜੂਦ ਸਨ।