Loading the player...

ਜੀ.ਓ.ਜੀ ਪ੍ਰਸ਼ਾਸਨ ਦੀਆਂ ਅੱਖਾਂ, ਕੰਨ ਅਤੇ ਦਿਮਾਗ ਹਨ- ਸ਼ੇਰਗਿੱਲ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2018 17:28

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਅਤੇ ਲੈਫ਼ਟੀਨੈਂਟ ਜਨਰਲ ਸ੍ਰੀ ਟੀ.ਐਸ. ਸ਼ੇਰਗਿੱਲ ਨੇ ਫਾਜ਼ਿਲਕਾ ਵਿਖੇ ਖ਼ੁਸ਼ਹਾਲੀ ਦੇ ਰਾਖਿਆਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫ਼ੌਜ ਵਿੱਚ ਜੋ ਸਰਹੱਦਾਂ ਦੀ ਰਾਖੀ ਕਰਦਿਆਂ ਇੱਜ਼ਤ ਬਣਾਈ ਹੈ ਉਸਨੂੰ ਬਰਕਰਾਰ ਰੱਖਦਿਆਂ ਪਿੰਡਾਂ ਵਿੱਚ ਲੋਕਾਂ ਦੀ ਸੇਵਾ ਕਰਕੇ ਵੰਡਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਪਿੰਡਾਂ ਦੇ ਲੋਕਾਂ ਦੇ ਮੂੰਹ 'ਤੇ ਹਾਸਾ ਦੇਖਣ ਲਈ ਉਹ ਸੱਚੇ ਦਿਲੋਂ, ਪੂਰੀ ਮਿਹਨਤ ਤੇ ਜਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ।

ਲੈਫ਼ਟੀਨੈਂਟ ਜਨਰਲ ਸ੍ਰੀ ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਇਹ ਸਰਕਾਰ ਦੀ ਨਵੀਂ ਯੋਜਨਾ ਹੈ ਅਤੇ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਰਾਖਿਆਂ ਨੂੰ ਮਿਲਣ ਅਤੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਮਿਲਕੇ ਜੀ.ਓ.ਜੀ ਨੂੰ ਆਪਣੇ ਫ਼ਰਜ਼, ਕੰਮ ਪ੍ਰਤੀ ਪ੍ਰੇਰਿਤ ਕਰੀਏ ਤਾਂ ਜੋ ਸਰਕਾਰ ਦੀ ਹਰ ਸਕੀਮ ਦਾ ਫ਼ਾਇਦਾ ਆਮ ਲੋਕਾਂ ਅਤੇ ਲਾਭਪਾਤਰੀਆਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਇਹ ਇੱਕ ਟੀਮ ਵਰਕ ਹੈ ਅਤੇ ਕਦੇ ਵੀ ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਦੀਆਂ ਅੱਖਾਂ, ਕੰਨ ਅਤੇ ਦਿਮਾਗ ਹਨ।

ਇਸ ਮੌਕੇ 'ਤੇ ਪੱਤਰਕਾਰਾਂ ਨਾਲ ਮੁਖਾਤਿਬ ਹੁੰਦਿਆਂ ਲੈਫ਼ਟੀਨੈਂਟ ਜਨਰਲ ਸ਼ੇਰਗਿੱਲ ਨੇ ਸੂਬੇ 'ਚ ਨਸ਼ੇ ਦੀ ਲੱਤ ਕਰਕੇ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦੇ ਮਾਮਲੇ 'ਚ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਰੀਬ 80 ਨਸ਼ਾ ਛੁਡਾਊ ਕੇਂਦਰ ਹਨ ਅਤੇ 65 ਦੇ ਕਰੀਬੀ ਪ੍ਰਾਈਵੇਟ ਹਨ। ਪਰਿਵਾਰ ਝਿਜਕਦੇ ਹਨ ਆਪਣੇ ਲੜਕੇ ਜਾਂ ਲੜਕੀ ਬਾਰੇ ਇਹ ਕਹਿਣ ਤੇ ਕਿ ਉਹ ਨਸ਼ੇ ਦੇ ਇਸ ਜਾਲ 'ਚ ਫੱਸ ਗਏ ਹਨ। ਉਨ੍ਹਾਂ ਕਿਹਾ ਕਿ ਮਾਹਿਰ ਦੱਸਦੇ ਹਨ ਕਿ 'ਚਿੱਟਾ' ਲੈਣ ਵਾਲੇ ਦੀ ਮੌਤ ਪੰਜ ਸਾਲਾਂ ਦੇ ਅੰਦਰ ਹੋ ਜਾਂਦੀ ਹੈ ਅਤੇ ਬਾਕੀਆਂ ਦੀ ਮੌਤ ਪੈਸੇ ਦੀ ਕਮੀ ਕਰਕੇ ਹੁੰਦੀ ਹੈ, ਨਸ਼ਾ ਨਹੀਂ ਮਿਲਣ 'ਤੇ ਉਹ ਹਰੇਕ ਨਸ਼ੇ ਨੂੰ ਲੈਣ 'ਚ ਨਹੀਂ ਝਿਜਕਦੇ ਅਤੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇ ਆਪਾਂ ਪਿੰਡਾਂ 'ਚ ਜਾਗ੍ਰਿਤੀ ਲੈ ਆਈਏ ਅਤੇ ਇਨ੍ਹਾਂ ਦੀ ਮਦਦ ਕਰੀਏ ਤਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਰੋਕਿਆ ਜਾ ਸਕਦਾ ਹੈ।