ਭਾਜਪਾ ਵਿਧਾਇਕ ਦੇਣ ਜਵਾਬ, ਪ੍ਰਧਾਨਮੰਤਰੀ ਅਬੋਹਰ ਨੂੰ ਕਿ ਦੇ ਕੇ ਗਏ – ਜਾਖੜ

Last Updated: Jul 12 2018 16:46

ਅਬੋਹਰ ਤੋਂ ਕਾਂਗਰਸ ਦੀ ਅਗਵਾਈ ਕਰ ਰਹੇ ਸੰਦੀਪ ਜਾਖੜ ਨੇ ਅਬੋਹਰ ਦੇ ਵਿਧਾਇਕ ਤੋਂ ਸਵਾਲ ਕੀਤਾ ਹੈ ਕਿ ਉਹ ਬੁੱਧਵਾਰ ਨੂੰ ਮਲੋਟ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਹੋਈ ਰੈਲੀ 'ਚ ਸ਼ਹਿਰ ਲਈ ਕਿ ਯੋਜਨਾ ਪਾਸ ਕਰਵਾ ਕੇ ਲੈ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਰੁਣ ਨਾਰੰਗ ਪੰਜਾਬ 'ਚ ਭਾਜਪਾ ਦੇ ਤਿੰਨ ਵਿਧਾਇਕਾਂ 'ਚੋਂ ਇੱਕ ਅਤੇ ਮਾਲਵੇ ਦੇ ਇਕਲੌਤੇ ਭਾਜਪਾ ਵਿਧਾਇਕ ਹਨ। ਅਜਿਹੇ ਵਿੱਚ ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਹੁੰਦੇ ਹੋਏ ਜੇਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਪੰਜਾਬ ਦੌਰੇ 'ਚ ਆਪਣੇ ਸਿਰਫ਼ ਤਿੰਨ ਵਿਧਾਇਕਾਂ ਦੇ ਖੇਤਰ ਲਈ ਵੀ ਕੋਈ ਯੋਜਨਾ ਨਹੀਂ ਦੇ ਕੇ ਜਾਂਦੇ ਤਾਂ ਵੱਡੀ ਹੈਰਾਨੀ ਵਾਲੀ ਗੱਲ ਹੈ।

ਸੰਦੀਪ ਜਾਖੜ ਨੇ ਕਿਹਾ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਵੀ 2017 ਵਿਧਾਨਸਭਾ ਚੋਣ ਵਿੱਚ ਅਬੋਹਰ ਰੈਲੀ ਵਿੱਚ ਅਬੋਹਰ ਨਾਲ ਕੀਤਾ ਗਿਆ ਵਾਅਦਾ ਵਫ਼ਾ ਨਹੀਂ ਹੋਇਆ। ਜਿਸ 'ਚ ਉਨ੍ਹਾਂ ਨੇ ਅਰੁਣ ਨਾਰੰਗ ਦੀ ਜਿੱਤ ਤੋਂ ਬਾਅਦ ਅਬੋਹਰ ਆ ਕੇ ਸ਼ਹਿਰ ਲਈ ਕੇਂਦਰ ਦੀਆਂ ਯੋਜਨਾਵਾਂ ਦੇਣ ਦਾ ਵਚਨ ਕੀਤਾ ਸੀ। ਸੰਦੀਪ ਜਾਖੜ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦੇ ਸਿਰਫ਼ ਕੁੱਝ ਮਹੀਨੇ ਬਾਕੀ ਹਨ ਜੇਕਰ ਹੁਣ ਵੀ ਅਰੁਣ ਨਾਰੰਗ ਸ਼ਹਿਰ ਲਈ ਕੇਂਦਰ ਤੋਂ ਕੋਈ ਯੋਜਨਾ ਨਹੀਂ ਲਿਆਂਦੇ ਤਾਂ ਫਿਰ ਕਦੋਂ ਲੈ ਕੇ ਆਉਣਗੇ। ਸੰਦੀਪ ਜਾਖੜ ਨੇ ਕਿਹਾ ਕਿ ਨਗਰ ਕੌਂਸਲ 'ਚ ਵੀ ਭਾਜਪਾ ਆਪਣੇ ਪ੍ਰਧਾਨ ਨੂੰ ਲੈ ਕੇ ਸਥਿਤੀ ਸਾਫ਼ ਨਹੀਂ ਕਰ ਰਹੀ ਹੈ ਜਿਸ ਕਾਰਨ ਆਏ ਦਿਨ ਸ਼ਹਿਰ ਨੂੰ ਪਰੇਸ਼ਾਨੀਆਂ ਝੇਲਣੀ ਪੈ ਰਹੀਆਂ ਹਨ। ਜੇਕਰ ਨਗਰ ਕੌਂਸਲ ਪ੍ਰਧਾਨ ਪ੍ਰਮਿਲ ਕਲਾਨੀ ਨੂੰ ਘਰ ਹੀ ਬੈਠਣਾ ਸੀ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਟੇ ਆਰਡਰ ਕਾਹਤੋਂ ਲੈ ਕੇ ਆਏ। ਉਨ੍ਹਾਂ ਨੇ ਕਿਹਾ ਕਿ ਅਰੁਣ ਨਾਰੰਗ ਦੇਸ਼-ਪ੍ਰਦੇਸ਼ ਦੀ ਰਾਜਨੀਤੀ 'ਤੇ ਵੱਡੇ-ਵੱਡੇ ਬਿਆਨ ਦੇਣ ਦੀ ਬਜਾਏ ਪਹਿਲਾਂ ਆਪਣੀ ਪਾਰਟੀ ਦੀ ਅੰਦਰੂਨੀ ਹਾਲਤ ਸਾਫ਼ ਕਰਨ ਅਤੇ ਆਪਣੀ ਪਾਰਟੀ ਦੇ ਕੌਂਸਲ ਪ੍ਰਧਾਨ ਤੋਂ ਪੁੱਛਣ ਕਿ ਉਹ ਛੁੱਟੀ ਤੋਂ ਪਰਤਣਗੇ ਜਾਂ ਪੱਕੀ ਛੁੱਟੀ 'ਤੇ ਜਾਣਗੇ।