ਸੀ.ਪੀ.ਆਈ ਨੇ ਖੇਡ ਮੰਤਰੀ ਰਾਣਾ ਸੋਢੀ ਦਾ ਪੁਤਲਾ ਫੂਕਿਆ, ਲਾਏ ਇਲਜਾਮ

Last Updated: Jul 12 2018 16:15

ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ) ਬਲਾਕ ਜਲਾਲਾਬਾਦ ਵੱਲੋਂ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਤੇ ਬਾਜੇ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਪਿੰਡ ਢੰਡੀ ਕਦੀਮ ਵਿਖੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਇਲਜਾਮ ਲਾਇਆ ਕਿ ਪਿਛਲੇ ਕਈ ਮਹੀਨਿਆਂ ਤੋਂ ਬਾਜੇ ਕੇ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਦੀ ਬਜਾਏ ਗੁਰੂ ਹਰਸਹਾਏ ਦਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਿਆਸੀ ਸ਼ਹਿ ਦੇ ਕੇ ਮਾਲਕੀ ਜ਼ਮੀਨ ਤੇ ਕਬਜ਼ਾ ਕਰਨ ਵਾਲੇ ਬਾਜੇ ਕੇ ਦੇ ਕਸ਼ਮੀਰ ਲਾਲ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਮੁੱਦਈ ਹਾਕਮ ਚੰਦ ਨੂੰ ਇਨਸਾਫ਼ ਦਿਵਾਉਣ ਲਈ ਵੱਖ-ਵੱਖ ਇਨਕਲਾਬੀ ਜੱਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਜੇ ਕੀ ਦੇ ਕਾਂਗਰਸੀ ਹਾਕਮ ਚੰਦ ਦੀ ਮਾਲਕੀ ਦੁਕਾਨ ਨੂੰ ਜਬਰੀ ਢਾਹ ਕੇ ਅਤੇ ਉਸ ਦੇ ਸਾਮਾਨ ਨੂੰ ਚੋਰੀ ਕਰਕੇ ਲੈ ਗਏ ਸੀ। ਕਾਮਰੇਡ ਢੰਡੀਆਂ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੁਲਿਸ ਦੀ ਨਾਲਾਇਕੀ ਅਤੇ ਰਾਣਾ ਸੋਢੀ ਦੀ ਸਿਆਸੀ ਸ਼ਹਿ ਦੇ ਖ਼ਿਲਾਫ਼ ਲਗਾਤਾਰ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀ ਲੜੀ ਵਜੋਂ ਅੱਜ ਪਿੰਡ ਢੰਡੀ ਕਦੀਮ ਵਿਖੇ ਪੁਤਲਾ ਫੂਕਿਆ ਗਿਆ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਸੀ.ਪੀ.ਆਈ ਜ਼ਿਲ੍ਹਾ ਕੌਂਸਲ ਮੈਂਬਰ ਸੰਦੀਪ ਜੋਧਾ, ਜਲਾਲਾਬਾਦ ਬਲਾਕ  ਕਮੇਟੀ ਮੈਂਬਰ ਕਰਨੈਲ ਬੱਗੇ ਕੇ, ਸ਼ਰਮਾ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਬਲਕਾਰ ਸਿੰਘ, ਗੁਰਦੀਪ ਸਿੰਘ ਅਤੇ ਜੰਗੀਰ ਸਿੰਘ ਬੱਗੇ ਕੇ ਹਾਜ਼ਰ ਸਨ।