ਨਸ਼ੇ ਦੇ ਧੰਦੇ 'ਚ ਔਰਤਾਂ ਦੀ ਸਮੂਲੀਅਤ ਚਿੰਤਾ ਦਾ ਵਿਸ਼ਾ, ਔਰਤ ਸਮੇਤ ਤਿੰਨ ਕਾਬੂ

Last Updated: Jul 12 2018 12:24

ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਇਸ ਕੰਮ 'ਚ ਲੱਗੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਅਤੇ ਰੋਜ਼ਾਨਾ ਹੁੰਦੀ ਉਨ੍ਹਾਂ ਦੀ ਗ੍ਰਿਫਤਾਰੀ ਦੇ ਬਾਵਜੂਦ ਨਸ਼ੇ ਵੇਚਣ ਵਾਲਿਆਂ ਵੱਲੋਂ ਇਸ ਕਾਰੋਬਾਰ ਨੂੰ ਛੱਡਿਆ ਨਹੀਂ ਜਾ ਰਿਹਾ ਹੈ। ਔਰਤਾਂ ਦੀ ਸਮੂਲੀਅਤ ਵੀ ਵੱਡਾ ਚਿੰਤਾ ਦਾ ਵਿਸ਼ਾ ਹੈ। ਜ਼ਿਲ੍ਹਾ ਪੁਲਿਸ ਨੇ ਇੱਕ ਔਰਤ ਸਮੇਤ ਕੁਲ ਤਿੰਨ ਜਣਿਆ ਨੂੰ ਹੈਰੋਇਨ ਅਤੇ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਅਤੇ ਪੁਲਿਸ ਵੱਲੋਂ ਨਸ਼ੇ ਦੀ ਵਿਕਰੀ ਅਤੇ ਇਸ ਦੀ ਤਸਕਰੀ ਨੂੰ ਠੱਲ ਪਾਉਣ ਲਈ ਵੱਡੇ ਪੱਧਰ 'ਤੇ ਮੁਹਿੰਮ ਛੇੜੀ ਹੋਈ ਹੈ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਪੁਲਿਸ ਵੱਲੋਂ ਲਗਾਤਾਰ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਧੰਦੇ ਨਾਲ ਜੁੜੇ ਲੋਕਾਂ ਵੱਲੋਂ ਪੁਲਿਸ ਦੇ ਡਰ ਦੀ ਪਰਵਾਹ ਨਾ ਕਰਦਿਆਂ ਇਸ ਨੂੰ ਚਾਲੂ ਰੱਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਮਾਮਲਿਆਂ 'ਚ ਵੱਡੀ ਗਿਣਤੀ 'ਚ ਔਰਤਾਂ ਦੀ ਸਮੂਲੀਅਤ ਚਿੰਤਾ ਦਾ ਵਿਸ਼ਾ ਹੈ। ਜ਼ਿਲ੍ਹੇ ਦੇ ਥਾਣਾ ਅਰਨੀਵਾਲਾ ਪੁਲਿਸ ਨੇ ਪਿੰਡ ਅਰਨੀਵਾਲਾ ਸ਼ੇਖ ਸ਼ੁਭਾਨ ਵਾਸੀ ਇੱਕ ਔਰਤ ਨੂੰ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਸਹਾਇਕ ਥਾਣੇਦਾਰ ਭਗਵਾਨ ਸਿੰਘ ਦੇ ਬਿਆਨਾਂ 'ਤੇ ਦਰਜ ਹੋਏ ਇਸ ਮੁਕਦਮੇ 'ਚ ਪੁਲਿਸ ਨੇ ਔਰਤ ਦੀ ਪਹਿਚਾਣ ਪਰਮਜੀਤ ਕੌਰ ਉਰਫ ਪੰਮੀ ਪਤਨੀ ਜਸਬੀਰ ਸਿੰਘ ਵੱਜੋ ਕੀਤੀ ਹੈ। ਪੁਲਿਸ ਦਾਅਵੇ ਅਨੁਸਾਰ ਪੁਲਿਸ ਟੀਮ ਪਿੰਡ ਬੰਨਾ ਵਾਲਾ ਨਜ਼ਦੀਕ ਲਾਏ ਗਏ ਨਾਕੇ 'ਤੇ ਜਾਂਚ ਕਰ ਰਹੀ ਸੀ ਤਾਂ ਉਕਤ ਔਰਤ ਨਾਕੇ ਨੇੜੇ ਆ ਕੇ ਉੱਥੋਂ ਵਾਪਸ ਖਿਸਕਣ ਲੱਗੀ ਤਾਂ ਪੁਲਿਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਵਾਪਸ ਬੁਲਾ ਕੇ ਜੱਦ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਪਲਾਸਟਿਕ ਦੀ ਇੱਕ ਥੈਲੀ 'ਚ ਚਿੱਟੇ ਰੰਗ ਦਾ ਕੋਈ ਪਦਾਰਥ ਵੇਖਿਆ ਗਿਆ, ਜੋ ਹੈਰੋਇਨ ਸੀ। ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਉਸ ਦੇ ਖਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੇ ਅਧੀਨ ਧਾਰਾ 21/61/85 ਤਹਿਤ ਮੁਕਦਮਾ ਦਰਜ ਕਰ ਲਿਆ ਹੈ।

ਉਧਰ ਥਾਣਾ ਸਦਰ ਅਬੋਹਰ ਨੇ ਗੁਰਦੇਵ ਸਿੰਘ ਉਰਫ ਦੇਬੀ ਅਤੇ ਅਜੈ ਸਿੰਘ ਉਰਫ ਰਾਜਾ ਵਾਸੀ ਸੀਡ ਫਾਰਮ ਪੱਕਾ ਨੂੰ ਪਿੰਡ ਗੋਬਿੰਦਗੜ੍ਹ ਦੀ ਨਹਿਰ ਨੇੜੋ ਸ਼ਰਾਬ ਨਜਾਇਜ਼ ਦੇਸੀ ਵੇਚਦਿਆਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਪਾਸੋਂ ਇੱਕ ਕੈਨ ਪਲਾਸਟਿਕ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਸ਼ਰਾਬ ਸੀ। ਇਸ ਕੈਨ ਵਿੱਚ 50 ਲੀਟਰ ਸ਼ਰਾਬ ਸੀ ਜਿਸ ਨੂੰ ਘਰੇ ਹੀ ਤਿਆਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਤੰਦਰੁਸਤ ਪੰਜਾਬ ਮਿਸ਼ਨ ਅਤੇ ਨਸ਼ੇ 'ਤੇ ਠੱਲ ਪਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਉਨ੍ਹਾਂ ਸਾਰੇ ਹੀ ਲੋਕਾਂ ਨੂੰ ਅਪੀਲ ਹੈ ਜੋ ਨਸ਼ਾ ਤਸਕਰੀ ਦੇ ਧੰਦੇ 'ਚ ਸੰਲਿਪਤ ਹਨ ਕਿ ਉਹ ਇਹ ਧੰਦੇ ਛੱਡ ਕੇ ਹੋਰ ਕੋਈ ਧੰਦਾ ਆਪਣਾ ਕੇ ਨਸ਼ੇ ਦੀ ਗਰਤ 'ਚ ਡੁੱਬ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਆਪਣਾ ਯੋਗਦਾਨ ਦੇਣ। ਪੁਲਿਸ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਹੈ।