ਖੇਡ ਮੈਦਾਨ ਚੋਂ ਨਹੀਂ ਕਢਵਾਇਆ ਗਿਆ ਮੀਂਹ ਦਾ ਪਾਣੀ, ਖਿਡਾਰੀ ਪਰੇਸ਼ਾਨ

Last Updated: Jul 11 2018 18:38

ਇੱਕ ਪਾਸੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਪਰ ਜ਼ਮੀਨੀ ਪੱਧਰ 'ਤੇ ਖਿਡਾਰੀਆਂ ਲਈ ਸੁਵਿਧਾਵਾਂ ਬਣਾਉਣਾ ਤਾਂ ਦੂਰ ਦੀ ਗੱਲ, ਜੋ ਸਹੂਲਤ ਉਪਲੱਬਧ ਹੈ ਉਸ ਦੀ ਖਸਤਾ ਹਾਲਤ 'ਤੇ ਵੀ ਗੌਰ ਨਹੀਂ ਕੀਤਾ ਜਾ ਰਿਹਾ ਹੈ। ਖਿਡਾਰੀਆਂ ਅਤੇ ਦੋੜ ਲਗਾਉਣ ਵਾਲੇ ਲੋਕਾਂ ਦੇ ਪਸੰਦੀਦਾ ਸਰਕਾਰੀ ਸੀਨੀਅਰ ਸੈਕੰਡਰੀ ਗਰਾਊਂਡ 'ਤੇ ਮੀਂਹ ਤੋ ਬਾਅਦ ਵੀ ਪਾਣੀ ਜਮਾ ਹੈ। ਜਿਸ ਨਾਲ ਉੱਥੇ ਖੇਡਣ ਅਤੇ ਦੋੜ ਲਗਾਉਣ ਆਉਣ ਵਾਲੇ ਖਿਡਾਰੀਆਂ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫੁੱਟਬਾਲ ਕਲੱਬ ਦੇ ਬੁਲਾਰੇ ਐਡਵੋਕੇਟ ਅਮਿਤ ਅਸੀਜਾ ਬਾਵਾ ਨੇ ਦੱਸਿਆ ਕਿ ਗਰਾਊਂਡ 'ਚ ਪਾਣੀ ਭਰਿਆ ਹੋਣ ਨਾਲ ਮੱਛਰਾਂ ਦੀ ਵੀ ਭਰਮਾਰ ਹੈ ਅਤੇ ਖਿਡਾਰੀ ਖੇਡ ਵੀ ਨਹੀਂ ਸਕਦੇ। ਇਸ ਸਮੱਸਿਆ ਲਈ ਨਾ ਤਾਂ ਸਕੂਲ ਪ੍ਰਬੰਧਨ ਅਤੇ ਨਾ ਹੀ ਪ੍ਰਸ਼ਾਸਨ ਕੋਈ ਦਿਲਚਸਪੀ ਵਿਖਾ ਰਿਹਾ ਹੈ। ਅਸੀਜਾ ਨੇ ਦੱਸਿਆ ਕਿ ਉਪਮੰਡਲ ਅਧਿਕਾਰੀ ਪੂਨਮ ਸਿੰਘ ਖੁਦ ਇਸ ਗਰਾਊਂਡ ਵਿੱਚ ਜਾਗਿੰਗ ਕਰਨ ਆਉਂਦੀਆਂ ਹਨ, ਫਿਰ ਵੀ ਇਸ ਪਾਸੇ ਧਿਆਨ ਤੱਕ ਨਹੀਂ ਦਿੱਤਾ ਜਾ ਰਿਹਾ ਹੈ। ਅਮਿਤ ਅਸੀਜਾ ਦੇ ਨਾਲ ਫੁੱਟਬਾਲ ਕਲੱਬ ਦੇ ਮੈਂਬਰਾਂ ਅਤਿੰਦਰ ਪਾਲ ਸੰਨੀ, ਹੈੱਪੀ ਸਿੰਘ, ਸੁਖਦੀਪ ਸਿੰਘ, ਅੰਮ੍ਰਿਤ, ਯਾਦਵਿੰਦਰ ਸਿੰਘ, ਮੈਰਾਥਨ ਜੇਤੂ ਦੀਪਕ ਬਾਂਸਲ, ਭਾਂਗੜਾ ਟ੍ਰੇਨਰ ਜੁਝਾਰ ਸਿੰਘ ਅਤੇ ਆਰਚਰੀ, ਹੈਂਡਬਾਲ ਅਤੇ ਬਾਸਕੇਟਬਾਲ ਦੇ ਖਿਡਾਰੀਆਂ ਨੇ ਉਕਤ ਸਮੱਸਿਆ ਦੇ ਤੁਰੰਤ ਹਲ ਦੀ ਮੰਗ ਕੀਤੀ ਹੈ।