Loading the player...

ਆਖ਼ਰ ਕੋਣ ਲਵੇਗਾ ਅਬੋਹਰ ਦੇ ਸਫ਼ਾਈ ਸੇਵਕਾਂ ਦਾ ਸਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Avtar Gill
Last Updated: Jul 11 2018 18:39

ਅਬੋਹਰ ਦੀ ਨਗਰ ਕੋਂਸਲ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਪਿਛਲੇ 10 ਦਿਨਾਂ ਤੋਂ ਚਾਰ ਮਹੀਨਿਆਂ ਦੀ ਤਨਖ਼ਾਹ ਦੇਣ ਦੀ ਮੰਗ ਨੂੰ ਲੈ ਕੇ ਨਗਰ ਕੋਂਸਲ 'ਚ ਅਣਮਿਥੇ ਸਮੇਂ ਲਈ ਧਰਨੇ 'ਤੇ ਬੈਠੇ ਹਨ ਅਤੇ ਇਸ ਸੰਘਰਸ਼ ਦੌਰਾਨ ਉਨ੍ਹਾਂ ਦੇ ਪੰਜ ਸਾਥੀ ਭੁੱਖ ਹੜਤਾਲ 'ਤੇ ਬੈਠ ਗਏ ਹਨ। ਸਫ਼ਾਈ ਸੇਵਕਾਂ ਦਾ ਰੋਸ਼ ਹੈ ਕਿ ਇਨ੍ਹਾਂ 10 ਦਿਨਾਂ 'ਚ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ ਹੈ।

ਅੱਜ ਸਫ਼ਾਈ ਸੇਵਕਾਂ ਵੱਲੋਂ ਨਗਰ ਕੋਂਸਲ ਦੇ ਅੰਦਰ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਤਨਖ਼ਾਹ ਨਹੀਂ ਮਿਲਣ ਲਈ ਕੋਂਸਲ ਦੇ ਕਾਰਜਕਾਰੀ ਅਧਿਕਾਰੀ ਗੁਰਦਾਸ ਸਿੰਘ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਅਧਿਕਾਰੀ ਖ਼ਿਲਾਫ਼ ਅੱਜ ਨਾਅਰੇਬਾਜ਼ੀ ਕੀਤੀ ਗਈ ਅਤੇ ਕਥਿਤ ਤੌਰ 'ਤੇ ਕਮਿਸ਼ਨਖੋਰੀ ਦੇ ਇਲਜ਼ਾਮ ਲਾਏ।

ਇਸ ਬਾਰੇ ਸਫ਼ਾਈ ਸੇਵਕ ਯੂਨੀਅਨ ਦੇ ਮੈਂਬਰ ਮੁਰਾਰੀ ਲਾਲ ਕਹਿੰਦੇ ਹਨ ਕਿ ਉਨ੍ਹਾਂ ਵੱਲੋਂ ਆਪਣੀ ਤਨਖ਼ਾਹ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਕਾਰਜਕਾਰੀ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਫ਼ੰਡ ਹੋਣ ਦੇ ਬਾਵਜੂਦ ਤਨਖ਼ਾਹ ਜਾਰੀ ਨਹੀਂ ਕੀਤੀ ਜਾ ਰਹੀ ਹੈ। ਉੱਥੇ ਹੀ ਯੂਨੀਅਨ ਦੇ ਮੈਂਬਰ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਤਨਖ਼ਾਹ ਦੀ ਕਮੀ ਕਰਕੇ ਘਰ ਚਲਾਉਣਾ ਔਖਾ ਹੋ ਗਿਆ ਹੈ।

ਇਸ ਸੰਘਰਸ਼ 'ਚ ਸ਼ਾਮਿਲ ਸਫ਼ਾਈ ਸੇਵਕ ਯੂਨੀਅਨ ਦੀਆਂ ਮਹਿਲਾ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੰਮ ਠੋਕ ਕੇ ਕੀਤਾ ਜਾਂਦਾ ਹੈ ਪਰ ਤਨਖ਼ਾਹ ਲਈ ਝਗੜਾ ਕਰਨਾ ਪੈਂਦਾ ਹੈ, ਕੰਮ ਲਈ ਉਨ੍ਹਾਂ 'ਤੇ ਦਬਾਅ ਪਾਇਆ ਜਾਂਦਾ ਹੈ ਪਰ ਹੁਣ ਉਨ੍ਹਾਂ ਦੀ ਤਨਖ਼ਾਹ ਲਈ ਅਧਿਕਾਰੀਆਂ 'ਤੇ ਦਬਾਅ ਕਿਉਂ ਨਹੀਂ ਪਾਇਆ ਜਾ ਰਿਹਾ ਹੈ। ਉੱਧਰ ਇੱਕ ਹੋਰ ਮਹਿਲਾ ਸਫ਼ਾਈ ਸੇਵਕਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਬੱਚੇ ਤਾਂ ਸਕੂਲਾਂ 'ਚ ਜਾ ਰਹੇ ਹਨ ਪਰ ਫ਼ੀਸਾਂ ਨਹੀਂ ਦਿੱਤੇ ਜਾਣ ਕਰਕੇ ਉਨ੍ਹਾਂ ਦੇ ਬੱਚੇ ਘਰ ਬੈਠੇ ਹਨ, ਰਾਸ਼ਨ ਵਾਲੇ ਨੇ ਰਾਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਉਨ੍ਹਾਂ ਨੂੰ ਰਾਸ਼ਨ ਵਾਲੀ ਦੁਕਾਨ ਹੀ ਦੱਸ ਦੇਣ ਜਿੱਥੋਂ ਉਹ ਰਾਸ਼ਨ ਲੈ ਕੇ ਆਪਣੇ ਅਤੇ ਪਾਨੇ ਪਰਿਵਾਰ ਦਾ ਪੇਟ ਤਾਂ ਪਾਲ ਸਕਣ।

ਸਫ਼ਾਈ ਸੇਵਕਾਂ ਵੱਲੋਂ ਚਾਰ ਮਹੀਨੇ ਦੀ ਤਨਖ਼ਾਹ ਨਹੀਂ ਮਿਲਣ ਕਰਕੇ ਪੇਸ਼ ਆਉਣ ਵਾਲੀ ਪਰੇਸ਼ਾਨੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਪਰ ਕਾਰਜਕਾਰੀ ਅਧਿਕਾਰੀ ਨੂੰ ਚੈੱਕ ਹਸਤਾਖ਼ਰ ਕਰਨ ਦੀ ਪਾਵਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਿੱਤੇ ਜਾਣ ਦੇ ਬਾਵਜੂਦ ਤਨਖ਼ਾਹ ਦਾ ਚੈੱਕ ਨਹੀਂ ਦਿੱਤੇ ਜਾਣ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਹੁਣ ਤਨਖ਼ਾਹ ਨਾ ਜਾਰੀ ਕਰਨ ਪਿੱਛੇ ਆਖ਼ਰ ਅਧਿਕਾਰੀ ਦੀ ਕਿ ਮਜਬੂਰੀ ਹੈ ਇਹ ਤਾਂ ਅਧਿਕਾਰੀ ਹੀ ਜਾਣਦੇ ਹਨ ਪਰ ਸਫ਼ਾਈ ਸੇਵਕ ਤਾਂ ਇਸ ਉਮੀਦ 'ਚ ਬੈਠੇ ਹਨ ਕਿ ਆਖ਼ਰ ਉਨ੍ਹਾਂ ਦੀ ਸਾਰ ਕੋਣ ਲਵੇਗਾ?