ਜੈਤੋ ਦੇ ਲੋਕਾਂ ਦੀ ਸਭ ਤੋਂ ਵੱਡੀ ਮੁਸੀਬਤ ਬਣਿਆ ਮੁਕਤਸਰ ਰੋਡ ਵਾਲਾ ਰੇਲਵੇ ਫਾਟਕ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 11 2019 13:17
Reading time: 3 mins, 47 secs

ਜੈਤੋ ਸ਼ਹਿਰ ਇਤਿਹਾਸਕ ਧਰਤੀ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਧਰਤੀ ਤੇ ਜੈਤੋ ਦਾ ਮੋਰਚਾ ਜੋ ਕਿ ਸਿੱਖ ਇਤਿਹਾਸ ਦਾ ਸਭ ਤੋਂ ਲੰਮਾ ਮੋਰਚਾ ਕਿਹਾ ਜਾਂਦਾ ਹੈ ਉਹ ਵੀ ਲੱਗਿਆ ਸੀ। ਜੈਤੋ ਸ਼ਹਿਰ ਜਿਨ੍ਹਾਂ ਇਤਿਹਾਸਕ ਸ਼ਹਿਰ ਹੈ ਉਨ੍ਹਾਂ ਹੀ ਸਰਕਾਰ ਵੱਲੋਂ ਇਸ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਫਰੀਦਕੋਟ ਦੇ ਸ਼ਹਿਰ ਜੈਤੋ ਅੰਦਰ ਸੁਖਚੈਨਪੁਰਾ ਬਸਤੀ ਨੇੜੇ ਬਣੇ ਰੇਲਵੇ ਫਾਟਕ ਦੀ ਹਾਲਤ ਗੀਤ 'ਚ ਵੱਜਦੇ ਕੋਟਕਪੂਰੇ ਦੇ ਫਾਟਕ ਨਾਲੋਂ ਵੀ ਗਈ ਗੁਜ਼ਰੀ ਹੈ। ਚੌਵੀ ਘੰਟਿਆਂ 'ਚੋਂ ਲੰਮਾ ਸਮਾਂ ਬੰਦ ਰਹਿੰਦਾ ਇਹ ਫਾਟਕ ਸ਼ਹਿਰ ਨੂੰ ਹਿੰਦ-ਪਾਕਿ ਵਾਂਗ ਦੋ ਹਿੱਸਿਆਂ 'ਚ ਤਕਸੀਮ ਕਰੀ ਰੱਖਦਾ ਹੈ। ਇਹ ਤੱਥ ਵੀ ਲੁਕੇ ਹੋਏ ਨਹੀਂ ਕਿ ਹਸਪਤਾਲ ਨੂੰ ਲਿਜਾਂਦਿਆਂ ਕਈ ਗੰਭੀਰ ਮਰੀਜ਼ ਇੱਥੇ ਪ੍ਰਾਣ ਤਿਆਗ ਚੁੱਕੇ ਹਨ। ਫਾਟਕ ਨੂੰ ਲੈ ਕੇ ਸਿਆਸਤਦਾਨ ਹੁਣ ਤੱਕ ਇਸ 'ਤੇ ਰੋਟੀਆਂ ਸੇਕਦੇ ਆ ਰਹੇ ਹਨ।

ਫਾਟਕ ਦੇ ਲਹਿੰਦੇ ਪਾਸੇ ਸ਼ਹਿਰ ਦੇ ਦੋ ਵਾਰਡਾਂ ਦੀ ਵਸੋਂ ਹੈ। ਅੱਧੀ ਦਰਜਨ ਤੋਂ ਵੱਧ ਸਕੂਲ, ਇੱਕ ਅੱਖਾਂ ਦਾ ਵੱਡਾ ਹਸਪਤਾਲ, ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਡੇਲਿਆਂਵਾਲੀ, ਰੋੜੀਕਪੂਰਾ, ਰਾਮੇਆਣਾ, ਮੱਲਣ, ਦੋਦਾ, ਕਾਉਣੀ, ਕਾਸਮ ਭੱਟੀ, ਸੁਰੂਘੁਰੀ, ਮੜ੍ਹਾਕ, ਖੱਚੜਾਂ, ਹਰੀ ਕਲਾਂ, ਭਗਤੂਆਣਾ, ਬਿਸ਼ਨੰਦੀ, ਬਰਕੰਦੀ, ਚੈਨਾ, ਕਰੀਰਵਾਲੀ, ਕੋਟਲੀ, ਭਲਾਈਆਣਾ ਅਤੇ ਕਈ ਹੋਰ ਪਿੰਡਾਂ ਦੀਆਂ ਸੜਕਾਂ 'ਤੇ ਆਉਣ-ਜਾਣ ਲਈ ਰਾਹਗੀਰਾਂ ਨੂੰ ਇਸ ਫਾਟਕ ਤੋਂ ਹੀ ਗੁਜ਼ਰਨਾ ਪੈਂਦਾ ਹੈ। ਖਾਸ ਪੱਖ ਇਹ ਹੈ ਕਿ ਇਸ ਫਾਟਕ ਦਾ ਰਸਤਾ ਅੰਗਰੇਜ਼ੀ ਦੇ 'ਜ਼ੈੱਡ' ਅੱਖਰ ਦੀ ਸ਼ਕਲ ਦਾ ਹੈ ਅਤੇ ਇੱਥੇ ਸੜਕ ਵੀ ਬੜੀ ਤੰਗ ਹੈ। ਇਸ ਫਾਟਕ ਵਿੱਚਲੀ ਰੇਲਵੇ ਲਾਈਨ ਤੋਂ ਕਰੀਬ ਢਾਈ ਦਰਜਨ ਸਵਾਰੀ ਅਤੇ ਔਸਤਨ ਇੱਕ ਦਰਜਨ ਮਾਲ ਗੱਡੀਆਂ ਰੋਜ਼ਾਨਾ ਲੰਘਦੀਆਂ ਹਨ। ਇੱਕ ਗੱਡੀ ਦੇ ਲੰਘਣ ਸਮੇਂ ਫਾਟਕ ਲਗਭਗ 15-20 ਮਿੰਟ ਬੰਦ ਰਹਿੰਦਾ ਹੈ। ਰੇਲਵੇ ਸਟੇਸ਼ਨ 'ਤੇ ਜੇ ਦੋ ਗੱਡੀਆਂ ਦਾ ਕਰਾਸ ਪੈ ਜਾਵੇ ਤਾਂ ਇਹ ਵਕਤ ਕਈ ਵਾਰ ਘੰਟੇ ਨੂੰ ਵੀ ਢੁੱਕ ਜਾਂਦਾ ਹੈ। 

ਅਜਿਹੀ ਹਾਲਤ 'ਚ ਫਾਟਕ ਦੇ ਦੋਨੋਂ ਪਾਸੇ ਦੂਰ-ਦਰਾਜ ਤੱਕ ਗੱਡੀਆਂ ਦਾ ਮੇਲਾ ਲੱਗ ਜਾਂਦਾ ਹੈ। ਜਦੋਂ ਫਾਟਕ ਖੁੱਲ੍ਹਦਾ ਹੈ ਤਾਂ ਸੜਕ ਤੰਗ ਹੋਣ ਕਰ ਕੇ ਟ੍ਰੈਫਿਕ ਦੀ ਸਮੱਸਿਆ ਬਣ ਜਾਂਦੀ ਹੈ। ਅਜਿਹੇ 'ਚ ਵਾਹਨ ਇੱਕ ਦੂਜੇ ਨਾਲ ਖਹਿ ਜਾਂਦੇ ਹਨ ਤਾਂ ਨੌਬਤ ਲੜਾਈ ਝਗੜੇ ਤੱਕ ਪਹੁੰਚ ਜਾਂਦੀ ਹੈ। ਇਸ ਨਾਲ ਜੁੜਿਆ ਪੱਖ ਇਹ ਵੀ ਹੈ ਕਿ ਬੱਸ ਸਟੈਂਡ, ਸਿਵਲ ਹਸਪਤਾਲ, ਬਾਜ਼ਾਰ ਅਤੇ ਹੋਰ ਸਭ ਸਹੂਲਤਾਂ ਸ਼ਹਿਰ ਦੇ ਚੜ੍ਹਦੇ ਵਾਲੇ ਪਾਸੇ ਹਨ। ਸ਼ਹਿਰ ਦੀ ਪੱਛਮੀ ਬਾਹੀ 'ਚ ਰਿਹਾਇਸ਼ਗਾਹਾਂ ਦੀਆਂ ਕੀਮਤਾਂ ਸ਼ਹਿਰ ਨਾਲੋਂ ਤਕਰੀਬਨ ਅੱਧੀਆਂ ਹਨ। ਵਜ੍ਹਾ ਇਹੋ ਹੈ ਕਿ ਫਾਟਕ ਦੇ ਦੈਂਤ ਤੋਂ ਡਰਦੇ ਸ਼ਹਿਰੀਏ ਇਸ ਪਾਸੇ ਆਬਾਦ ਹੋਣੋਂ ਚੱਲਦੇ ਹਨ। ਅਕਸਰ ਮੰਨਿਆ ਜਾਂਦਾ ਹੈ ਕਿ ਸਰਕਾਰਾਂ ਲੋਕਾਂ ਦੀਆਂ ਮਦਦਗਾਰ ਹੁੰਦੀਆਂ ਹਨ ਅਤੇ ਜੇ ਸਰਕਾਰਾਂ ਆਪਣੀ ਆਈ ਤੇ ਆ ਜਾਣ ਤਾਂ ਕੋਈ ਵੀ ਅਜਿਹਾ ਕੰਮ ਨਹੀਂ ਜੋ ਨਹੀਂ ਹੋ ਸਕਦਾ, ਇਸੇ ਲਈ ਸਰਕਾਰਾਂ ਦਾ ਦੂਸਰਾ ਨਾਮ "ਗੌਰਮਿੰਟ" ਰੱਖਿਆ ਗਿਆ ਹੈ।   

ਜ਼ਿਕਰਯੋਗ ਹੈ ਕਿ ਨਗਰ ਸੁਧਾਰ ਕਮੇਟੀ ਨੇ ਲੰਮੇ ਸਮੇਂ ਤੋਂ ਜੈਤੋ-ਮੁਕਤਸਰ ਰੋਡ ਜੋ ਦੋ ਇਤਿਹਾਸਕ ਸ਼ਹਿਰਾਂ ਨੂੰ ਜੋੜਦਾ ਹੈ ਤੇ ਬਣੇ ਫਾਟਕ ਨੰਬਰ ਸੀ-17 ਤੇ ਅੰਡਰ ਜਾਂ ਓਵਰਬ੍ਰਿਜ ਬਣਵਾਉਣ ਲਈ ਚਿੱਠੀ ਪੱਤਰ ਸ਼ੁਰੂ ਕੀਤਾ ਹੋਇਆ ਹੈ ਅਤੇ ਇਸ ਮਸਲੇ ਨੂੰ ਜਲਦੀ ਹੱਲ ਕਰਵਾਉਣ ਲਈ ਸਮੇਂ-ਸਮੇਂ ਤੇ ਹੋਰ ਵੀ ਚਿੱਠੀ ਪੱਤਰ ਕਰਦੀ ਰਹਿੰਦੀ ਹੈ, ਇਸੇ ਤਰ੍ਹਾਂ ਕੀਤੇ ਗਏ ਪੱਤਰਾਂ ਤੇ ਸਰਕਾਰੀ ਕਾਰਵਾਈ ਨੂੰ ਸੁਚਾਰੂ ਰੂਪ ਵਿੱਚ ਜਾਣਨ ਲਈ ਇੱਕ ਆਰ ਟੀ ਆਈ ਪੱਤਰ ਸੁਧਾਰ ਕਮੇਟੀ ਦੇ ਸਕੱਤਰ ਜਨਰਲ ਜਸਵਿੰਦਰ ਸਿੰਘ ਜ਼ੋਨੀ ਦੇ ਨਾਮ ਹੇਠ ਪੋਸਟਲ ਕਾਰਡ ਨੰ: 39 ਐਫ-030008 ਮਿਤੀ 28 7 17 ਚੀਫ ਇੰਜ: ਪੀ.ਡਬਲਿਊ ਡੀ ਪਟਿਆਲਾ ਨੂੰ ਭੇਜਿਆ ਅਤੇ ਪੱਤਰ ਰਾਹੀ ਮੰਗ ਕੀਤੀ ਗਈ ਕੀ ਫਾਟਕ ਸੀ-17 ਸਬੰਧੀ ਜੇਕਰ ਕੋਈ ਸਰਵੇ ਹੋਇਆ ਹੈ, ਕਿਸ ਮਿਤੀ ਨੂੰ ਕਿਸ ਅਫਸਰ ਦੀ ਅਗਵਾਈ ਵਿੱਚ ਹੋਇਆ ਹੈ ? ਅਤੇ ਸਰਵੇ ਕਿਹੜੇ ਤੱਥਾ ਦੇ ਅਧਾਰਿਤ ਹੋਇਆ? ਦੀ ਜਾਣਕਾਰੀ ਨਗਰ ਸੁਧਾਰ ਕਮੇਟੀ ਨੂੰ ਦਿੱਤੀ ਜਾਵੇ, ਤਾਂ ਪੀ ਡਬਲੂ ਡੀ ਵੱਲੋਂ ਪੱਤਰ ਤੇ ਗੋਲਮੋਲ ਕਾਰਵਾਈ ਕਰਦਿਆਂ ਚੀਫ ਇੰਜ. ਪਟਿਆਲਾ ਵੱਲੋਂ ਆਪਣੀ ਆਰ ਟੀ ਆਈ ਬਰਾਂਚ ਪੀ ਆਈ ਓ-ਕਮ-ਸੁਪਰਡੰਟ, ਨਿਗਰਾਨ ਇੰਜ: ਕੇਂਦਰੀ ਕਾਰਜ ਹਲਕਾ ਲੁਧਿਆਣਾ, ਨਿਗਰਾਨ ਇੰਜ: ਉਸਾਰੀ ਹਲਕਾ ਫਰੀਦਕੋਟ ਅਤੇ ਨਿਗਰਾਨ ਫਰੀਦਕੋਟ ਵੱਲੋਂ ਭੇਜੀ ਕਾਰਵਾਈ ਕਰਦਿਆਂ ਉਪ ਮੰਡਲ ਇੰਜ: ਉਸਾਰੀ ਭੌਂ ਤੇ ਮ ਸਾਖਾਂ ਜੈਤੋ ਦਾ ਪੱਤਰ ਤਾਂ ਬਿਲਕੁਲ ਹੈਰਾਨ ਕਰਨ ਵਾਲਾ ਸੀ ਉਸ ਜਵਾਬੀ ਪੱਤਰ ਵਿੱਚ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਲਾਏ ਪ੍ਰਸ਼ਨ ਨੰ: 39 ਤੇ ਜੋ ਵਿਧਾਨ ਸਭਾ 'ਚ ਕਾਰਵਾਈ ਹੋਈ ਸੀ ਸਮੇਤ ਮੁਕਤਸਰ ਰੋਡ ਦਾ ਨਕਸ਼ਾ ਲਗਾ ਕੇ ਨਗਰ ਸੁਧਾਰ ਕਮੇਟੀ ਨੂੰ ਭੇਜ ਦਿੱਤੀ ਗਈ, ਪਰ ਜੋ ਨਗਰ ਸੁਧਾਰ ਕਮੇਟੀ ਨੇ ਜਾਣਕਾਰੀ ਮੰਗੀ ਸੀ ਉਹ ਇਹਨਾਂ ਸਾਰੇ ਜਵਾਬੀ ਪੱਤਰਾਂ ਵਿੱਚ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਅਤੇ ਪੀ ਡਬਲੂ ਡੀ ਨੇ ਆਰ ਟੀ ਆਈ ਦੇ ਪੱਤਰ ਨੂੰ ਮਜ਼ਾਕ ਸਮਝਦੇ ਹੋਏ ਸਾਫ ਸਾਫ ਦੱਸ ਦਿੱਤਾ ਕਿ ਇਸ ਸਬੰਧੀ ਕਿਤੇ ਕੋਈ ਸਰਵੇ ਨਹੀਂ ਹੋਇਆਂ ਅਤੇ ਪਬਲਿਕ ਡਿਮਾਂਡ ਨੂੰ ਅਣਗੌਲਿਆ ਕੀਤਾ ਗਿਆ ਹੈ।

ਦਸਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਧਰਤੀ ਗੰਗਸਰ ਜੈਤੋ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਮੇਲ ਕਰਵਾਉਂਦਾ ਇਹ ਫਾਟਕ ਪਬਲਿਕ ਲਈ ਕਾਫੀ ਮੁਸ਼ਕਿਲਾਂ ਪੇਸ਼ ਕਰ ਰਿਹਾ ਹੈ, ਸਰਕਾਰ ਨੂੰ ਬੇਨਤੀ ਹੈ ਕਿ ਬਿਨਾਂ ਕਿਸੇ ਪੱਖਪਾਤ ਦੇ ਫਾਟਕ ਤੇ ਓਵਰ ਜਾਂ ਅੰਡਰ ਬਰਿੱਜ ਬਣਾ ਕੇ ਤੋਹਫੇ ਦੇ ਰੂਪ ਵਿੱਚ ਪਬਲਿਕ ਦੀ ਝੌਲੀ ਪਾਇਆ ਜਾਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।