ਕੀ ਆਪਣੇ ਮੰਤਰੀ ਅਤੇ ਵਿਧਾਇਕਾਂ ਵਿਰੁੱਧ ਵੀ ਕੈਪਟਨ ਚੁੱਕਣਗੇ 'ਡੰਡਾ'? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 11 2019 10:53
Reading time: 2 mins, 54 secs

ਭਾਵੇਂ ਹੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਿਰੁੱਧ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਤਹਿਤ ਡੀਸੀ ਨਾਲ ਬਦਸਲੂਕੀ ਕਰਨ ਦਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਹੁਣ ਕੈਪਟਨ ਅਮਰਿੰਦਰ ਸਿੰਘ 'ਤੇ ਇੱਕ ਹੋਰ ਨਵਾਂ ਸਵਾਲ ਆਨ ਖੜਾ ਹੋ ਗਿਆ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵਿਰੁੱਧ ਸਰਕਾਰੀ ਅਫ਼ਸਰਾਂ ਨਾਲ ਬਦਸਲੂਕੀ ਕਰਨ ਦਾ ਮਾਮਲਾ ਦਰਜ ਕਰਵਾਉਣਗੇ? 

ਜੀ ਹਾਂ, ਦੋਸਤੋਂ ਬੀਤੇ ਦਿਨੀਂ ਬਟਾਲਾ ਵਿਖੇ ਪਟਾਕਾ ਫ਼ੈਕਟਰੀ ਵਿੱਚ ਹੋਏ ਬਲਾਸਟ ਦੇ ਦੌਰਾਨ ਕਰੀਬ ਦੋ ਦਰਜਨ ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਦੇ ਸਬੰਧ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਸਨ। ਸਿਆਸੀ ਪਾਰਟੀ ਦੇ ਵੱਲੋਂ ਭਾਵੇਂ ਹੀ ਪਟਾਕਾ ਫ਼ੈਕਟਰੀ ਵਿੱਚ ਹੋਏ ਬਲਾਸਟ 'ਤੇ ਸਿਆਸਤ ਘੋਲੀ ਜਾ ਰਹੀ ਸੀ, ਪਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸਿੱਧਾ ਟਾਕਰਾ ਡੀਸੀ ਗੁਰਦਾਸਪੁਰ ਨਾਲ ਲਿਆ ਗਿਆ। 

ਭਾਵੇਂ ਹੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਡੀਸੀ ਨੂੰ ਕੋਈ ਗ਼ਲਤ ਸ਼ਬਦਾਵਲੀ ਨਹੀਂ ਬੋਲੀ ਗਈ ਅਤੇ ਸਿਰਫ਼ ਇਨ੍ਹਾਂ ਹੀ ਕਿਹਾ ਗਿਆ ਕਿ ''ਡੀਸੀ ਸਾਹਿਬ ਇਹ ਤੇਰਾ ਨਿੱਜੀ ਦਫ਼ਤਰ ਨਹੀਂ, ਜੋ ਤੂੰ ਲੋਕਾਂ ਦੇ ਕੰਮ ਨਹੀਂ ਕਰਨੇ।'' ਵੇਖਿਆ ਜਾਵੇ ਤਾਂ ਸਰਕਾਰੀ ਕੰਪਲੈਕਸ ਡੀਸੀ ਦਾ ਕੋਈ ਨਿੱਜੀ ਦਫ਼ਤਰ ਤਾਂ ਨਹੀਂ, ਪਰ ਇਸ ਦੇ ਬਾਵਜੂਦ ਡੀਸੀ ਦੇ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਿਰੁੱਧ ਇਹ ਮਾਮਲਾ ਦਰਜ ਕਰਵਾ ਦਿੱਤਾ ਗਿਆ ਕਿ, ਬੈਂਸ ਨੇ ਉਸ ਨਾਲ ਦੁਰਵਿਵਹਾਰ ਕੀਤਾ। 

ਵੇਖਿਆ ਜਾਵੇ ਤਾਂ ਲੋਕ ਇਨਸਾਫ਼ ਪਾਰਟੀ ਦਾ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਕੋਈ ਪਹਿਲਾ ਵਿਧਾਇਕ ਨਹੀਂ, ਜਿਸ ਨੇ ਕਿਸੇ ਸਰਕਾਰੀ ਅਧਿਕਾਰੀ ਦੇ ਨਾਲ ਇਸ ਤਰ੍ਹਾਂ ਗੱਲਬਾਤ ਕੀਤੀ ਹੋਵੇ। ਇਸ ਤੋਂ ਪਹਿਲੋਂ ਕਾਂਗਰਸ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੀ ਸਰਕਾਰੀ ਅਧਿਕਾਰੀਆਂ ਦੇ ਨਾਲ ਸ਼ਰੇਆਮ ਤਿੱਖੀ ਸ਼ਬਦਾਵਲੀ ਬੋਲਦੇ ਅਤੇ ਧਮਕੀਆਂ ਦਿੰਦੇ ਹੋਏ ਨਜ਼ਰੀ ਆ ਚੁੱਕੇ ਹਨ, ਜਿਨ੍ਹਾਂ ਦੀਆਂ ਵੀਡੀਓ ਤੇ ਆਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।

ਦੱਸ ਦਈਏ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਸਰਕਾਰੀ ਅਧਿਕਾਰੀਆਂ ਦੇ ਨਾਲ ਬਦਤਮੀਜ਼ੀ ਦੇ ਨਾਲ ਪੇਸ਼ ਆ ਚੁੱਕੇ ਹਨ, ਪਰ ਹੁਣ ਤੱਕ ਕੈਪਟਨ ਸਰਕਾਰ ਦੇ ਵੱਲੋਂ ਇਨ੍ਹਾਂ ਦੇ ਵਿਰੁੱਧ ਡੰਡਾ ਨਹੀਂ ਚੁੱਕਿਆ ਗਿਆ, ਕਿਉਂਕਿ ਇਹ ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਹਨ। ਦੱਸਿਆ ਜਾਂਦਾ ਹੈ ਕਿ ਜੇਕਰ ਸਿਮਰਜੀਤ ਬੈਂਸ ਵੀ ਕਾਂਗਰਸ ਪਾਰਟੀ ਦਾ ਵਿਧਾਇਕ ਜਾਂ ਮੰਤਰੀ ਹੁੰਦਾ ਤਾਂ ਉਸ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਸੀ ਹੋਣੀ। 

ਪਰ.!! ਅਫ਼ਸੋਸ ਸਿਮਰਜੀਤ ਬੈਂਸ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਹਨ, ਇਸ ਲਈ ਉਸ ਦੇ ਵਿਰੁੱਧ ਮਾਮਲਾ ਦਰਜ ਹੋ ਗਿਆ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਵਿੱਚ ਸਰਕਾਰ ਦੇ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਆਗੂ ਮੰਗ ਕਰ ਰਹੇ ਹਨ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਵਿਰੁੱਧ ਵੀ ਸਰਕਾਰੀ ਅਧਿਕਾਰੀਆਂ ਨੂੰ ਧਮਕੀਆਂ ਦੇਣ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। 

ਕਿਉਂਕਿ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇੱਕ ਮਹਿਲਾ ਸਿੱਖਿਆ ਅਧਿਕਾਰੀ ਨੂੰ ਸ਼ਰੇਆਮ ਧਮਕਾਇਆ ਸੀ ਇਸ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਇੱਕ ਅਫ਼ਸਰ ਨੂੰ ਫ਼ੋਨ 'ਤੇ ਧਮਕਾਇਆ ਸੀ ਇਸੇ ਤਰ੍ਹਾਂ ਵਿਧਾਇਕ ਕੁਲਬੀਰ ਜ਼ੀਰਾ ਨੇ ਵੀ ਪੁਲਿਸ ਅਫ਼ਸਰਾਂ ਨੂੰ ਧਮਕਾਇਆ ਸੀ ਅਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਮਹਿਲਾ ਐਸ.ਐਚ.ਓ ਨੂੰ ਧਮਕਾਇਆ ਸੀ, ਪਰ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਹੀਂ ਕੀਤੀ ਗਈ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਦਵਿੰਦਰ ਘੁਬਾਇਆ ਤੇ ਵਿਧਾਇਕ ਕੁਲਬੀਰ ਜ਼ੀਰਾ ਦੇ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਕਾਰਵਾਈ ਕਰਦੇ ਹਨ ਜਾਂ ਨਹੀਂ?