ਪਾਬੰਦੀ ਦੇ ਬਾਵਜੂਦ ਨਾਜਾਇਜ਼ ਗਰਭਪਾਤ ਤੇ ਲਿੰਗ ਜਾਂਚ, ਇਕ ਗੰਭੀਰ ਮੁੱਦਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 11 2019 09:50
Reading time: 1 min, 36 secs

ਮੁੰਡੇ ਕੁੜੀ ਦੇ ਲਿੰਗ ਅਨੁਪਾਤ ਦੇ ਫਰਕ ਨੂੰ ਬਰਾਬਰ ਲਿਆਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਤਹਿਤ ਸਰਕਾਰ ਅਤੇ ਸੰਸਥਾਵਾਂ ਕੰਮ ਕਰ ਰਹੀਆਂ ਹਨ । ਇਸ ਨੂੰ ਲੈਕੇ ਸਖਤੀ ਵੀ ਕੀਤੀ ਗਈ ਹੈ ਅਤੇ ਕਾਨੂੰਨ 'ਚ ਕਈ ਤਰ੍ਹਾਂ ਦੇ ਪ੍ਰਾਵਧਾਨ ਰੱਖੇ ਗਏ ਹਨ ਜਿਨ੍ਹਾਂ ਦਾ ਮਕਸਦ ਨਾਜਾਇਜ਼ ਗਰਭਪਾਤ, ਲਿੰਗ ਜਾਂਚ 'ਤੇ ਰੋਕ ਲਾਉਣਾ ਹੈ, ਪਰ ਬਾਵਜੂਦ ਇਸਦੇ ਕੁਝ ਹਸਪਤਾਲਾਂ ਅਤੇ ਕੁਝ ਅਲਟਰਾਸਾਊਂਡ ਸੈਂਟਰਾਂ 'ਚ ਇਸ ਪਾਬੰਦੀ ਨੂੰ ਮੋਟੀ ਕਮਾਈ ਦਾ ਸਾਧਨ ਬਣਾ ਲਿਆ ਗਿਆ ਹੈ। ਚੋਰੀ ਛੁਪੇ ਇਸ ਕੰਮ ਨੂੰ ਕਰਨ ਦੇ ਮੋਟੇ ਪੈਸੇ ਵਸੂਲ ਕਰਕੇ ਲਿੰਗ ਅਨੁਪਾਤ ਨੂੰ ਬਰਾਬਰ ਲਿਆਉਣ ਦੀ ਮੁਹਿੰਮ, ਟੀਚੇ ਨੂੰ ਪ੍ਰਭਾਵਤ ਕੀਤਾ ਜਾ ਰਿਹਾ ਹੈ। 

ਇੱਥੇ ਦਸ ਦਈਏ ਕਿ ਸਮਾਜ ਦੀ ਪੁੱਤਰ ਪ੍ਰਾਪਤੀ ਦੀ ਇੱਛਾ, ਸੋਚ ਅਤੇ ਕੁੜੀਆਂ ਦੇ ਜੰਮਣੇ ਨੂੰ ਮਾੜਾ ਸਮਝਣ ਦੀ ਸੋਚ ਰੱਖਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ, ਬੇਸ਼ਕ ਲੋਕਾਂ ਦੀ ਇਸ ਸੋਚ 'ਚ ਕਮੀ, ਬਦਲਾਅ ਆਇਆ ਹੈ ਪ੍ਰੰਤੂ ਅੱਜ ਵੀ ਕੁੱਖ 'ਚ ਲੜਕੀ ਨੂੰ ਮਾਰਨ, ਜਨਮ ਦੇਣ ਤੋਂ ਬਾਅਦ ਉਸਨੂੰ ਸੁੱਟ ਦੇਣ ਵਾਲੇ ਮਾੜੀ ਤੇ ਸੌੜੀ ਸੋਚ ਵਾਲੇ ਲੋਕ ਹਨ ਜਿਨ੍ਹਾਂ ਕਰਕੇ ਨਾਜਾਇਜ਼ ਗਰਭਪਾਤ ਕਰਨ ਵਾਲੇ ਅਤੇ ਲਿੰਗ ਜਾਂਚ ਕਰਨ ਵਾਲੇ ਕੇਂਦਰਾਂ ਦੇ ਮਾਲਕਾਂ ਦੀਆਂ ਜੇਬਾਂ ਗਰਮ ਹੋ ਰਹੀਆਂ ਹਨ। 

ਅਜਿਹਾ ਕਰਨ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਇਹ ਕੁਦਰਤੀ ਤੌਰ 'ਤੇ ਵੀ ਗ਼ਲਤ ਹੈ ਅਤੇ ਕਾਨੂੰਨ ਪੱਖੋਂ ਵੀ ਪ੍ਰੰਤੂ ਉਨ੍ਹਾਂ ਦੀ ਸੌੜੀ ਸੋਚ ਉਨ੍ਹਾਂ ਨੂੰ ਅਜਿਹਾ ਕਰਨ ਲਈ ਹੱਲਾ ਸ਼ੇਰੀ ਦਿੰਦੀ ਹੈ, ਇਹੀ ਕਾਰਨ ਹੈ ਕਿ ਸਖਤੀ ਦੇ ਬਾਵਜੂਦ ਕੁਝ ਹਸਪਤਾਲਾਂ, ਨਰਸਾਂ, ਦਾਈਆਂ ਅਤੇ ਅਲਟਰਾਸਾਊਂਡ ਸੰਚਾਲਕਾਂ ਵੱਲੋਂ ਅਜਿਹਾ ਕਰਕੇ ਸੰਤੁਲਨ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਕਸਰ ਹੀ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਵੇਖਣ ਨੂੰ ਮਿਲ ਰਿਹਾ ਹੈ ਕਿ ਭਰੂਣ ਨੂੰ ਕੁੜੇ ਕਰਕਟ, ਨਹਿਰਾਂ 'ਚ ਸੁੱਟ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਕੁੱਤੇ, ਜਾਨਵਰ ਆਪਣਾ ਸ਼ਿਕਾਰ ਬਣਾਉਂਦੇ ਹਨ। ਪਾਬੰਦੀ ਦਾ ਹਵਾਲਾ ਦੇਕੇ ਕੁਝ ਦਲਾਲ ਕਿਸਮ ਦੇ ਲੋਕਾਂ ਵੱਲੋਂ ਕੁਦਰਤ ਦੇ ਇਸ ਨਿਯਮ ਨਾਲ ਖਿਲਵਾੜ ਕਰਕੇ ਕਾਨੂੰਨ ਦੀਆਂ ਧੱਜੀਆਂ ਚਾਂਦੀ ਦੀ ਜੁੱਤੀ ਨਾਲ ਉਡਾਈਆਂ ਜਾ ਰਹੀਆਂ ਹਨ। ਜਿਨ੍ਹਾਂ 'ਤੇ ਸਖਤੀ ਨਾਲ ਰੋਕ ਲਾਉਣੀ ਲਾਜ਼ਮੀ ਬਣਦੀ ਹੈ, ਉਸਤੋਂ ਬਾਅਦ ਹੀ ਲਿੰਗ ਅਨੁਪਾਤ ਦੇ ਫਰਕ ਨੂੰ ਬਰਾਬਰ ਲਿਆਉਣ ਦੀ ਸੋਚ, ਟੀਚੇ, ਮੁਹਿੰਮ ਪੂਰਨ ਤੌਰ ‘ਤੇ ਸਫਲ ਹੋਵੇਗੀ।