ਹੜ੍ਹ ਪੀੜ੍ਹਤ ਕਿਸਾਨਾਂ ਦਾ ਸਿੱਧਾ ਟਾਕਰਾ ਹੁਣ ਸਰਕਾਰ ਨਾਲ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 10 2019 17:47
Reading time: 2 mins, 37 secs

ਹੜ੍ਹ ਦੇ ਕਾਰਨ ਪਹਿਲੋਂ ਹੀ ਕਿਸਾਨ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਏ ਪਏ ਹਨ, ਉੱਪਰੋਂ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ 'ਤੇ ਅਜਿਹਾ ਤਸ਼ੱਦਦ ਢਾਹਿਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਵੇਖਿਆ ਜਾਵੇ ਤਾਂ ਸਰਕਾਰ ਦੇ ਵੱਲੋਂ ਇੱਕ ਪਾਸੇ ਤਾਂ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਕਰਨ ਵਾਸਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹੋਏ ਹਨ, ਪਰ ਦੂਜੇ ਪਾਸੇ ਇਹ ਸਰਕਾਰੀ ਅਧਿਕਾਰੀ ਸਰਕਾਰ ਦੇ ਆਦੇਸ਼ਾਂ ਨੂੰ ਟਿੱਚ ਜਾਣਦੇ ਹੋਏ, ਆਪਣੇ ਹੀ ਹੁਕਮ ਚਲਾ ਰਹੇ ਹਨ।

ਬੀਤੇ ਦਿਨੀਂ ਪਿੰਡ ਗੱਟਾ ਬਾਦਸ਼ਾਹ ਵਿਖੇ ਟੁੱਟਣ ਦੀ ਕਗਾਰ 'ਤੇ ਖੜੇ ਬੰਨ ਦਾ ਦੌਰਾ ਕਰਨ ਵਾਸਤੇ ਐਸਡੀਐਮ ਜ਼ੀਰਾ ਪਹੁੰਚੇ ਸਨ, ਜਿਨ੍ਹਾਂ ਦਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ। ਕਿਸਾਨਾਂ ਅਤੇ ਮਜ਼ਦੂਰਾਂ ਦਾ ਦੋਸ਼ ਸੀ ਕਿ ਸਰਕਾਰੀ ਅਧਿਕਾਰੀ ਹੜ੍ਹ ਆਉਣ ਤੋਂ ਪਹਿਲੋਂ ਤਾਂ ਕੁੰਭਕਰਨੀ ਨੀਂਦ ਸੁੱਤੇ ਰਹੇ ਸਨ, ਪਰ ਜਦੋਂ ਹੜ੍ਹ ਆ ਗਏ ਤਾਂ ਸਰਕਾਰੀ ਅਧਿਕਾਰੀਆਂ ਨੂੰ ਵੀ ਹੜ੍ਹ ਪ੍ਰਭਾਇਤ ਇਲਾਕਿਆਂ ਦਾ ਦੌਰਾ ਕਰਨ ਦਾ ਚੇਤਾ ਆ ਗਿਆ। ਇਹ ਦੌਰੇ ਸਾਬਤ ਕਰਦੇ ਹਨ ਕਿ ਸਰਕਾਰੀ ਅਧਿਕਾਰੀ ਲੋਕ ਵਿਰੋਧੀ ਹਨ।

ਕਿਸਾਨਾਂ ਦੇ ਵੱਲੋਂ ਲਗਾਏ ਗਏ ਦੋਸ਼ ਭਾਵੇਂ ਹੀ ਜਾਇਜ਼ ਹਨ, ਪਰ ਇਸ ਦੇ ਬਾਵਜੂਦ ਕਿਸਾਨਾਂ ਉੱਪਰ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਪਰਚਾ ਦਰਜ ਕਰ ਦਿੱਤਾ ਗਿਆ। ਉਕਤ ਦਰਜ ਪਰਚੇ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਕਿੱਲੀਵਾਲਾ ਅਤੇ ਜੋਨ ਮੱਲਾਂਵਾਲਾ ਦੇ ਸਕੱਤਰ ਰਛਪਾਲ ਸਿੰਘ ਗੱਟਾ ਬਾਦਸ਼ਾਹ ਨੇ ਐੱਸਡੀਐੱਮ ਜ਼ੀਰਾ ਵੱਲੋਂ ਗੱਟਾ ਬਾਦਸ਼ਾਹ ਨੇੜੇ ਦਰਿਆ ਦੇ ਧੁੱਸੀ ਬੰਨ੍ਹ 'ਤੇ ਹੜ੍ਹ ਪੀੜਤਾਂ ਨਾਲ ਕੀਤੀ ਬਦਸਲੂਕੀ ਅਤੇ ਮੱਖੂ ਥਾਣੇ ਵਿੱਚ ਸਿਆਸੀ ਸ਼ਹਿ 'ਤੇ ਕਿਸਾਨ ਆਗੂਆਂ ਉੱਪਰ ਦਰਜ ਕਰਵਾਏ ਪਰਚੇ ਦੀ ਕਿਸਾਨ ਮਜ਼ਦੂਰ ਜੱਥੇਬੰਦੀ ਅਤੇ ਇਲਾਕੇ ਭਰ ਦੇ ਲੋਕਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ।

ਕਿਸਾਨ ਆਗੂਆਂ ਨੇ ਕਿਹਾ ਕਿ ਐਸਡੀਐਮ ਵੱਲੋਂ ਦਰਜ ਕਰਵਾਏ ਗਏ ਪਰਚੇ ਸਬੰਧੀ 11 ਸਤੰਬਰ ਨੂੰ 11 ਵਜੇ ਤਹਿਸੀਲ ਜ਼ੀਰਾ ਦੇ ਸਾਰੇ ਪਿੰਡਾਂ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਹੜ੍ਹ ਪੀੜਤਾਂ ਦੀ ਇਤਿਹਾਸਿਕ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਭਰਾ ਵਿਖੇ ਮੀਟਿੰਗ ਸੱਦੀ ਗਈ, ਜਿਸ ਵਿੱਚ ਭ੍ਰਿਸ਼ਟ ਪੰਜਾਬ ਸਰਕਾਰ ਤੇ ਭ੍ਰਿਸ਼ਟ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਸ਼ਾਸਨ ਖਿਲਾਫ ਸਖ਼ਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ 20 ਦਿਨਾਂ ਤੋਂ ਆਏ ਹੜ੍ਹਾਂ ਕਾਰਨ 8 ਜ਼ਿਲ੍ਹਿਆਂ ਦੇ ਕਿਸਾਨ ਮਜ਼ਦੂਰ ਬੁਰੀ ਤਰ੍ਹਾਂ ਬਰਬਾਦ ਹੋ ਗਏ ਹਨ।

ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਹੜ੍ਹ ਪੀੜਤ ਜ਼ਿਲ੍ਹਿਆਂ ਦੀ ਅਫਸਰਸ਼ਾਹੀ ਪੂਰੀ ਤਰ੍ਹਾਂ ਕੁੰਭਕਰਨੀ ਸੁੱਤੀ ਪਈ ਹੈ ਅਤੇ ਹੜ੍ਹ ਪੀੜਤਾਂ ਦੀ ਸਾਰ ਨਹੀਂ ਲੈ ਰਹੀ, ਸਗੋਂ ਉਲਟਾ ਹੜ੍ਹ ਪੀੜਤਾਂ ਨਾਲ ਬਦਸਲੂਕੀ ਅਤੇ ਦੁਰਵਿਵਹਾਰ ਅਧਿਕਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜ਼ਿਲ੍ਹਾ ਫਿਰੋਜ਼ਪਰ ਦੇ ਗੱਟਾ ਬਾਦਸ਼ਾਹ ਪਿੰਡ ਦੇ ਨੇੜੇ ਬਣੇ ਧੁੱਸੀ ਬੰਨ੍ਹ ਨੂੰ ਪਿਛਲੇ 15 ਦਿਨਾਂ ਤੋਂ ਢਾਅ ਲੱਗੀ ਹੋਈ ਸੀ ਅਤੇ 5 ਸਤੰਬਰ ਨੂੰ ਐੱਸਡੀਐੱਮ ਜ਼ੀਰਾ ਨੇ ਬੰਨ੍ਹ 'ਤੇ ਮਿੱਟੀ ਪਾ ਕੇ ਹੜ੍ਹ ਪੀੜਤਾਂ ਨਾਲ ਦੁਰਵਿਵਹਾਰ ਕੀਤਾ।

ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ 3 ਸਤੰਬਰ ਨੂੰ ਧੁੱਸੀ ਬੰਨ 'ਤੇ ਮਿੱਟੀ ਪਾਉਣ ਦਾ ਭਰੋਸਾ ਡੀਸੀ ਫਿਰੋਜ਼ਪੁਰ ਦੁਆ ਕੇ ਗਏ ਸਨ, ਪਰ ਹੜ੍ਹ ਪੀੜਤਾਂ ਦੀ ਫਰਿਆਦ ਸੁਣਨ ਦੀ ਬਿਜਾਏ, ਕਥਿਤ ਤੌਰ 'ਤੇ ਐੱਸਡੀਐੱਮ ਵੱਲੋਂ ਹੜ੍ਹ ਪੀੜਤਾਂ ਨਾਲ ਬਦਸਲੂਕੀ ਕੀਤੀ ਗਈ, ਜਿਸ ਤੋਂ ਤੰਗ ਆਏ ਕਿਸਾਨਾਂ ਨੇ ਸ਼ਾਂਤਮਈ ਰੋਸ ਧਰਨਾ ਦਿੱਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਭ੍ਰਿਸ਼ਟ ਪੰਜਾਬ ਸਰਕਾਰ ਅਤੇ ਭ੍ਰਿਸ਼ਟ ਅਫਸਰਸ਼ਾਹੀ ਦਾ ਜਬਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਡਰਾਉਣ ਧਮਕਾਉਣ ਅਤੇ ਲੁੱਟਣ ਦੀ ਨੀਤੀ ਖਿਲਾਫ ਸੰਘਰਸ਼ ਪੰਜਾਬ ਪੱਧਰ 'ਤੇ ਵਿੱਢਿਆ ਜਾਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।