ਉਨ੍ਹਾਂ ਆਮ ਲੋਕਾਂ ਲਈ ਕਦੋਂ ਬੰਦ ਹੋਵੇਗਾ ਸ਼ਹਿਰ, ਜਿਹੜੇ ਰੋਜ਼ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਬੇਇੱਜ਼ਤੀ ਕਰਵਾਉਂਦੇ

Last Updated: Sep 10 2019 16:55
Reading time: 3 mins, 0 secs

ਬੀਤੇ ਦਿਨੀਂ ਬਟਾਲਾ ਵਿੱਚ ਹੋਏ ਦਰਦਨਾਕ ਅਤੇ ਮੰਦਭਾਗੇ ਹਾਦਸੇ ਵਿੱਚ 24 ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ ਸਨ ਤੇ ਕਈ ਗੰਭੀਰ ਜ਼ਖਮੀ ਵੀ ਹੋਏ ਸਨ। ਘਟਨਾ ਵਾਪਰਨ ਤੋਂ ਬਾਅਦ ਜਿਸ ਤਰ੍ਹਾਂ ਸ਼ਹਿਰ ਵਿੱਚ ਹਫ਼ੜਾ ਤਫ਼ਰੀ ਦਾ ਮਾਹੌਲ ਬਣ ਗਿਆ ਸੀ ਤੇ ਲੋਕਾਂ ਦਾ ਗ਼ੁੱਸਾ ਪ੍ਰਸ਼ਾਸਨ ਦੇ ਖ਼ਿਲਾਫ਼ ਫੁੱਟਣਾ ਸ਼ੁਰੂ ਹੋ ਗਿਆ ਸੀ ਉਸ ਵੇਲੇ ਪ੍ਰਸ਼ਾਸਨ ਵਲੋਂ ਆਪਣੀ ਸਕਿਨ ਸੇਫ਼ ਕਰਨ ਦੇ ਪੂਰੇ ਯਤਨ ਕੀਤੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ , ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਪੰਜਾਬੀ ਏਕਤਾ ਪਾਰਟੀ ਦੇ ਮੁੱਖੀ ਸੁਖਪਾਲ ਸਿੰਘ ਖਹਿਰਾ , ਸ਼ਿਵ ਸੈਨਾ ਆਦਿ ਹੋਰ ਪਾਰਟੀਆਂ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਵਾਪਰੀ ਇਸ ਮੰਦਭਾਗੀ ਘਟਨਾ ਲਈ ਸਥਾਨਕ ਪ੍ਰਸ਼ਾਸਨ ਨੂੰ ਹੀ ਜ਼ਿੰਮੇਵਾਰ ਗਰਦਾਨਿਆ ਸੀ। ਇਸ ਦੌਰਾਨ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਅਤੇ ਉਨ੍ਹਾ ਦੇ ਵਾਰਸਾਂ ਨੂੰ ਸੌਂਪਣ ਨੂੰ ਲੈ ਕੇ ਵੀ  ਪੀੜਤ ਪਰਿਵਾਰਾਂ ਅਤੇ ਸ਼ਹਿਰ ਵਾਸੀਆਂ ਨਾਲ ਸਥਾਨਕ ਪ੍ਰਸ਼ਾਸਨ ਦਾ ਰਵੱਈਆ ਕੋਈ ਜ਼ਿਆਦਾ ਵਧੀਆ ਨਹੀਂ ਸੀ। ਪ੍ਰਸ਼ਾਸਨਿਕ ਅਧਿਕਾਰੀ ਜਿੱਥੇ ਸ਼ਹਿਰ ਵਾਸੀਆਂ ਨਾਲ ਵੀ ਚੰਗੀ ਤਰ੍ਹਾਂ ਪੇਸ਼ ਨਹੀਂ ਸੀ ਆਉਂਦੇ ਰਹੇ ਉੱਥੇ ਪੀੜਤਾਂ ਪਰਿਵਾਰਾਂ ਨਾਲ ਵੀ ਬਦਸਲੂਕੀ ਦੀਆਂ ਖ਼ਬਰ ਵੀ ਮਿਲੀਆਂ ਸਨ। ਇਸੇ ਦੌਰਾਨ ਹੀ ਇੱਕ ਦਿਨ ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਬਟਾਲਾ ਪੀੜਤ ਪਰਿਵਾਰਾਂ ਦਾ ਹਾਲ  ਜਾਣਨ ਆਏ ਸਨ ਪਰ ਲਾਸ਼ ਦੀ ਸ਼ਨਾਖ਼ਤ ਅਤੇ ਵਾਰਸ਼ਾ ਨਾਲ ਪ੍ਰਸ਼ਾਸਨ ਦੀ ਬਦਸਲੂਕੀ ਨੂੰ ਲੈ ਕੇ ਵਿਧਾਇਕ ਬੈਂਸ ਦੀ ਤਕਰਾਰ ਡੀ ਸੀ ਗੁਰਦਾਸਪੁਰ ਨਾਲ ਹੋ ਗਈ ਸੀ। ਇਹ ਤਕਰਾਰ ਇਨੀ ਜ਼ਿਆਦਾ ਵੱਧ ਗਈ ਸੀ ਕਿ ਇਸ ਦੀ ਵੀਡੀਓ ਜਨਤਕ ਹੋਣ ਕਰਕੇ ਇਹ ਮੁੱਦੇ ਦਾ ਸਿਆਸੀ ਕਰਨ ਹੋ ਗਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕਰਦਿਆਂ ਵਿਧਾਇਕ ਬੈਂਸ ਦੇ ਪਰਚਾ ਦਰਜ਼ ਕਰਨ ਦਾ ਹੁਕਮ ਵੀ ਸੁਣਾ ਦਿੱਤਾ ਤੇ ਬਟਾਲਾ ਦੇ ਸਿਟੀ ਥਾਣੇ ਵਿੱਚ ਵਿਧਾਇਕ ਬੈਂਸ ਸਮੇਤ 20 ਹੋਰ ਸਮਰਥਕਾਂ ਤੇ ਕੇਸ ਦਰਜ਼ ਕਰ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੁੱਖ ਮੰਤਰੀ ਵਲੋਂ ਮਿਲੀ ਸ਼ਹਿ ਤੇ ਬੈਂਸ ਵਿਰੁੱਧ ਮੋਰਚਾ ਵੀ ਖੋਲ੍ਹ ਦਿੱਤਾ ਤੇ ਸ਼ਾਇਦ ਇਤਿਹਾਸ ਵਿੱਚ ਇਹ ਪਹਿਲਾ ਸਮਾ ਸੀ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਗ਼ਲਤੀ ਅਤੇ ਨਾਕਾਮੀ ਨੂੰ ਛੁਪਾਉਣ ਲਈ ਇਸ ਮਸਲੇ ਦਾ ਸਿਆਸੀਕਰਨ ਕਰ ਦਿੱਤਾ ਤੇ ਹੁਕਮ ਜਾਰੀ ਕਰ ਦਿੱਤੇ ਕਿ ਜ਼ਿਲ੍ਹੇ ਦੇ ਸਾਰੇ ਹੀ ਸਰਕਾਰ , ਗੈਰ ਸਰਕਾਰੀ ਅਦਾਰੇ ਤੇ ਵਿੱਦਿਅਕ ਸੰਸਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਦਬਾਅ ਬਣਾਇਆ ਜਾ ਸਕੇ ਤੇ ਵਿਧਾਇਕ ਦੀ ਗ੍ਰਿਫ਼ਤਾਰੀ ਹੋ ਸਕੇ। ਜਿੱਥੇ ਪਹਿਲਾਂ ਵਿਧਾਇਕ ਬੈਂਸ ਅਤੇ ਡੀ ਸੀ ਦੀ ਵਾਇਰਲ ਹੋਈ ਵੀਡੀਓ ਵੇਖ ਕੇ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਹੱਦ ਤੱਕ ਡੀ ਸੀ ਠੀਕ ਹਨ ਕਿਉਂਕਿ ਵੀਡੀਓ ਵਿੱਚ ਉਹ ਵਿਧਾਇਕ ਬੈਂਸ ਨੂੰ ਬੜੇ ਹੀ ਅਦਬ ਨਾਲ ਬੋਲ ਰਹੇ ਹਨ ਜਦਕਿ ਬੈਂਸ ਵਲੋਂ ਡੀ ਸੀ  ਨਾਲ ਮੰਦੜੇ ਬੋਲ ਬੋਲੇ ਗਏ ਸਨ ਤੇ ਇਸ ਗੱਲ ਦੀ ਨਿੰਦਾ ਵੀ ਹੋ ਰਹੀ ਸੀ। ਪਰ ਜਿਸ ਤਰ੍ਹਾਂ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਿਆਸੀ ਲੀਡਰਾਂ ਦਾ ਹੱਥਠੋਕਾ ਬਣ ਕੇ ਜ਼ਿਲ੍ਹੇ ਦਾ ਕੰਮਕਾਜ ਠੱਪ ਕੀਤਾ ਜਾ ਰਿਹਾ ਹੈ ਉਹ ਵੀ ਲੋਕਾਂ ਨੂੰ ਚੰਗਾ ਨਹੀਂ ਲੱਗ ਰਿਹਾ ਹੈ ਤੇ ਹੌਲੀ ਹੌਲੀ ਲੋਕ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਵਿਰੋਧ ਵੀ ਕਰਨ ਲੱਗ ਪਏ ਹਨ। ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਨਾਲ ਬਦਸਲੂਕੀ ਹੋਈ ਹੈ ਤਾਂ ਫੇਰ ਫ਼ੌਰੀ ਤੌਰ ਤੇ ਕੇਸ਼ ਦਰਜ਼ ਕਰ ਲਿਆ ਗਿਆ ਹੈ ਪਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਰੋਜ਼ਾਨਾ ਹੀ ਆਮ ਲੋਕਾਂ ਦੀ ਦੁਰਗਤੀ ਅਤੇ ਬੇਇੱਜ਼ਤੀ ਆਪਣੇ ਦਫ਼ਤਰਾਂ ਵਿੱਚ ਕਰ ਰਹੇ ਹਨ ਉਨ੍ਹਾਂ ਦੇ ਖ਼ਿਲਾਫ਼ ਕੇਸ ਕਦੋਂ ਦਰਜ਼ ਹੋਣਗੇ? ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਭ੍ਰਿਸ਼ਟ ਕਿਸਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਰੋਜ਼ਾਨਾ ਹੀ ਲੋਕਾਂ ਨੂੰ ਖੱਜਲ ਖ਼ੁਆਰ ਅਤੇ ਬੇਇੱਜ਼ਤ ਕੀਤਾ ਜਾਂਦਾ ਹੈ ਇਨ੍ਹਾਂ ਆਮ ਲੋਕਾਂ ਦੀ ਵੀ ਕਦੇ ਸੁਣਵਾਈ ਹੋਵੇਗੀ ਅਤੇ ਅਜਿਹੇ ਲੋਕਾਂ ਦੇ ਹੱਕ ਵਿੱਚ ਵੀ ਕਦੇ ਕੋਈ ਇਮਾਨਦਾਰ  ਡਿਪਟੀ ਕਮਿਸ਼ਨਰ ਪੱਧਰ ਦਾ ਅਫ਼ਸਰ ਜ਼ਿਲ੍ਹੇ ਦੇ ਬੰਦ ਦਾ ਸੱਦਾ ਦੇਵਾਂਗੇ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।